ਸੂਬਾ ਵਾਸੀਆਂ ਨੂੰ ਗੁਮਰਾਹ ਕਰ ਰਹੀ ਹੈ ਸਰਕਾਰ : ਗਗੜਾ
ਸਰਕਾਰ ਮੁਲਾਜ਼ਮਾਂ ਦੀਆਂ ਨੌਕਰੀਆਂ ਖੋਹ ਕੇ ਉਜਾੜ ਰਹੀ ਹੈ ਪ੍ਰਚਾਰ ਨੌਕਰੀਆਂ ਦੇਣ ਦਾ ਕਰ ਰਹੀ ਹੈ--ਗਗੜਾ
Publish Date: Wed, 13 May 2026 07:52 PM (IST)
Updated Date: Wed, 13 May 2026 07:54 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਇਸ਼ਤਿਹਾਰਾ ਰਾਹੀਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਗੌਰਮੈਂਟ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ ਤੇ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਖੁੰਗਰ ਤੇ ਹੋਰ ਸੁਬਾਈ ਆਗੂਆਂ ਨੇ ਮੀਟਿੰਗ ਬਾਅਦ ਦੱਸਿਆ ਕਿ ਪੰਜਾਬ ਸਰਕਾਰ ਝੂਠਾ ਪ੍ਰਚਾਰ ਕਰਕੇ ਆਪਣੀ ਬੱਲੇ-ਬੱਲੇ ਕਰਵਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ 4161 ਅਧਿਆਪਕ ਯੂਨੀਅਨ ਦੇ 300 ਦੇ ਕਰੀਬ ਅਧਿਆਪਕਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਹੈ। ਇਨ੍ਹਾਂ ਅਧਿਆਪਕਾਂ ਨੂੰ 8 ਮਈ 2023 ਨੂੰ ਸਿੱਖਿਆ ਵਿਭਾਗ ਦੀ ਸੋਧੀ ਸੂਚੀ ਅਨੁਸਾਰ ਜੁਆਨਿੰਗ ਪੱਤਰ ਮਿਲੇ ਸਨ 9 ਮਈ 2023 ਨੂੰ ਇਨ੍ਹਾਂ ਅਧਿਆਪਕਾਂ ਨੂੰ ਹਾਜ਼ਰ ਕਰਵਾ ਲਿਆ ਗਿਆ ਸੀ। ਤਿੰਨ ਸਾਲਾਂ ਬਾਅਦ 300 ਦੇ ਕਰੀਬ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਕੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ ਗਿਆ ਹੈ। ਕੋਵਿਡ ਫਰੰਟ ਲਾਈਨ ਸਟਾਫ ਯੂਨੀਅਨ ਦੀ ਸੁਬਾਈ ਆਗੂ ਚਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ, ਕਿਉਂਕਿ ਉਨ੍ਹਾਂ ਦੇ ਘਰਾਂ ਦੇ ਚੁੱਲੇ ਤਪਣੋਂ ਬੰਦ ਹੋ ਗਏ ਹਨ। ਪੈਨਸ਼ਨਰਜ਼ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ, ਨਰਸਾਂ ਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਮੁੜ ਬਹਾਲ ਕੀਤਾ ਜਾਵੇ, ਜਿਨ੍ਹਾਂ ਨੂੰ ਨੌਕਰੀ ਤੋਂ ਜਵਾਬ ਦੇ ਕੇ ਰੁਜ਼ਗਾਰ ਖੋਹਿਆ ਹੈ।