ਕੁੜੀਆਂ ਨੇ ਮਨਚਲਿਆਂ ਨੂੰ ਸਿਖਾਇਆ ਸਬਕ
-ਕਾਰ ਸਵਾਰ ਨੌਜਵਾਨਾਂ ਨੂੰ
Publish Date: Thu, 23 Apr 2026 11:22 PM (IST)
Updated Date: Thu, 23 Apr 2026 11:25 PM (IST)
-ਕਾਰ ਸਵਾਰ ਨੌਜਵਾਨਾਂ ਨੂੰ ਫੜਿਆ, ਅੱਖਾਂ ’ਚ ਪਾਈਆਂ ਮਿਰਚਾਂ, ਮੌਕੇ 'ਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਜਾਗਰਣ ਸੰਵਾਦਦਾਤਾ, ਜਲੰਧਰ : ਬੱਸ ਸਟੈਂਡ ਨੇੜੇ ਗ੍ਰੀਨ ਪਾਰਕ ਦੇ ਬਾਹਰ ਇਕ ਘਟਨਾ ਚਰਚਾ ਦਾ ਵਿਸ਼ਾ ਬਣ ਗਈ। ਸ਼ਾਮ ਵੇਲੇ ਦੋ ਕੁੜੀਆਂ ਜੋ ਪੈਦਲ ਜਾ ਰਹੀਆਂ ਸਨ, ਨੇ ਆਪਣੇ ਪਿੱਛੇ ਆ ਰਹੇ ਮਨਚਲਿਆਂ ਨੂੰ ਅਜਿਹਾ ਸਬਕ ਸਿਖਾਇਆ ਕਿ ਆਲੇ-ਦੁਆਲੇ ਖੜ੍ਹੇ ਲੋਕ ਵੀ ਹੈਰਾਨ ਰਹਿ ਗਏ।
ਜਾਣਕਾਰੀ ਮੁਤਾਬਕ ਦੋਵੇਂ ਕੁੜੀਆਂ ਕਿਸੇ ਕੰਮ ਲਈ ਬਾਹਰ ਗਈਆਂ ਸਨ ਤੇ ਆਪਣੇ ਪੀਜੀ ਵੱਲ ਵਾਪਸ ਜਾ ਰਹੀਆਂ ਸਨ। ਇਸ ਦੌਰਾਨ, ਇਕ ਕਾਰ ’ਚ ਸਵਾਰ ਦੋ ਨੌਜਵਾਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂ ’ਚ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਪਰ ਜਦੋਂ ਨੌਜਵਾਨਾਂ ਨੇ ਰਸਤਾ ਰੋਕਣ ਅਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁੜੀਆਂ ਨੇ ਡਟ ਕੇ ਮੁਕਾਬਲਾ ਕਰਨ ਦਾ ਫੈਸਲਾ ਕੀਤਾ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਨੌਜਵਾਨਾਂ ਦੀ ਕਾਰ ਨੇੜੇ ਆ ਕੇ ਰੁਕੀ, ਕੁੜੀਆਂ ਨੇ ਤੁਰੰਤ ਹਿੰਮਤ ਦਿਖਾਈ ਤੇ ਦੋਵਾਂ ਨੂੰ ਗੱਡੀ ’ਚੋਂ ਬਾਹਰ ਕੱਢ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਤਮ-ਰੱਖਿਆ ਕਰਦਿਆਂ ਮਿਰਚਾਂ ਦੇ ਪਾਊਡਰ ਦੀ ਵਰਤੋਂ ਕਰਕੇ ਫੜ ਲਿਆ ਤੇ ਮੌਕੇ ’ਤੇ ਹੀ ਉਨ੍ਹਾਂ ਨੂੰ ਸਬਕ ਸਿਖਾਇਆ। ਇਸ ਦੌਰਾਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਘਟਨਾ ਦੌਰਾਨ ਨੌਜਵਾਨਾਂ ਨੂੰ ਸੜਕ 'ਤੇ ਰੋਕ ਕੇ ਕਾਫੀ ਝਾੜਝੰਬ ਕੀਤੀ ਤੇ ਪਾਣੀ ਪਾ ਕੇ ਹੋਰ ਸ਼ਰਮਿੰਦਾ ਕੀਤਾ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਲਗਾਤਾਰ ਮਾਫੀ ਮੰਗਦੇ ਰਹੇ ਪਰ ਕੁੜੀਆਂ ਨੇ ਪੁਲਿਸ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਕਿਸੇ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਬੱਸ ਸਟੈਂਡ ਚੌਕੀ ਦੀ ਟੀਮ ਮੌਕੇ 'ਤੇ ਪੁੱਜੀ ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ ਵਿਚ ਨੌਜਵਾਨ ਸਵਾਰ ਸਨ, ਉਸ ’ਤੇ ਪੁਲਿਸ ਦਾ ਸਟੀਕਰ ਲੱਗਾ ਹੋਇਆ ਸੀ, ਜਿਸ ਨਾਲ ਉਨ੍ਹਾਂ ਦੇ ਕਿਸੇ ਵਿਭਾਗ ਨਾਲ ਜੁੜੇ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਪੁਲਿਸ ਨੇ ਮੁੱਢਲੀ ਕਾਰਵਾਈ ਤੋਂ ਬਾਅਦ ਦੋਵੇਂ ਕੁੜੀਆਂ ਨੂੰ ਸੁਰੱਖਿਅਤ ਟਿਕਾਣੇ ਭੇਜ ਦਿੱਤਾ। ਦੇਰ ਰਾਤ ਤੱਕ ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਰਹੀ ਤੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ।