ਪਰਿਵਾਰਾਂ ਨੇ ਫੜਿਆ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਪੱਲਾ
ਪਿੰਡ ਬਾਜਵਾ ਕਲਾਂ ਦੇ ਦਰਨਾਂ ਪਰਿਵਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਸ਼ਾਮਲ
Publish Date: Wed, 13 May 2026 06:53 PM (IST)
Updated Date: Wed, 13 May 2026 06:54 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਹਲਕਾ ਸ਼ਾਹਕੋਟ ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਕਾਫਲਾ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਮੰਗਲਵਾਰ ਨੂੰ ਪਾਰਟੀ ਨੂੰ ੳਸ ਵੇਲੇ ਹੁਲਾਰਾ ਮਿਲਿਆ, ਜਦੋਂ ਹਲਕਾ ਸ਼ਾਹਕੋਟ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਸਾਬੂਵਾਲ ਦੀ ਅਗਵਾਈ ਹੇਠ ਪਿੰਡ ਬਾਜਵਾ ਕਲਾਂ ਦੇ ਹਰਜਿੰਦਰ ਸਿੰਘ, ਮਹਿੰਦਰ ਸਿੰਘ ਸਮੇਤ ਦਰਜਨਾਂ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਵਾਰਿਸ ਪੰਜਾਬ ’ਚ ਸ਼ਾਮਲ ਹੋ ਗਏ। ਇਸ ਮੌਕੇ ਤਰਨਾ ਦਲ ਦੇ ਜਥੇਦਾਰ ਨਿਹੰਗ ਬਾਬਾ ਰਾਜਾ ਰਾਜ ਸਿੰਘ ਵੀ ਆਪਣੇ ਜਥੇ ਸਮੇਤ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਆਗੂਆਂ ਵੱਲੋਂ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਪਰਿਵਾਰਾਂ ਦਾ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿਵਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਸੁਧਾਰਨ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੂਬੇ ਵਿਚ ਇਕ ਮਜ਼ਬੂਤ ਪੰਥਕ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਪੰਥ ਦੇ ਭਲੇ ਲਈ ਇਸ ਲਹਿਰ ਨਾਲ ਵੱਧ ਤੋਂ ਵੱਧ ਜੁੜਨ ਤਾਂ ਜੋ ਗੁਰੂਆਂ-ਪੀਰਾਂ ਦੀ ਇਸ ਧਰਤੀ ਨੂੰ ਮੁੜ ਖੁਸ਼ਹਾਲ ਬਣਾਇਆ ਜਾ ਸਕੇ। ਸੁਖਵਿੰਦਰ ਸਿੰਘ ਸਾਬੂਵਾਲ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਮੁੜ ਸਿੱਖੀ, ਬਾਣੀ ਅਤੇ ਬਾਣੇ ਨਾਲ ਜੋੜਨ ਦਾ ਜੋ ਵੱਡਾ ਉਪਰਾਲਾ ਕੀਤਾ ਹੈ। ਹਲਕਾ ਸ਼ਾਹਕੋਟ ਦੇ ਲੋਕ ਵੀ ਪੰਥਕ ਵਿਚਾਰਧਾਰਾ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਦੇ ਲੋਕ ਹਾਜ਼ਰ ਸਨ।