ਇਲਾਕੇ ਦੀ ਮੰਗ ਨੂੰ ਪਿਆ ਬੂਰ, ਸਾਲਾਂ ਪੁਰਾਣੀ ਸੜਕ ਬਣਨੀ ਸ਼ੁਰੂ
ਇਲਾਕੇ ਦੀ ਮੰਗ ਨੂੰ ਪਿਆ ਬੂਰ. ਸਾਲਾਂ ਪੁਰਾਣੀ ਸੜਕ ਬਣਨੀ ਸ਼ੁਰੂ
Publish Date: Tue, 28 Apr 2026 07:01 PM (IST)
Updated Date: Wed, 29 Apr 2026 04:14 AM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਵਿਧਾਨ ਸਭਾ ਹਲਕਾ ਨਕੋਦਰ ਅਧੀਨ ਪੈਂਦਾ ਦੋਨਾ ਇਲਾਕਾ ਰਾਜਨੀਤੀ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸਮੇਂ ਦੀਆਂ ਸਰਕਾਰਾਂ ਨੇ ਦੋਨਾ ਇਲਾਕੇ ਨੂੰ ਸਿਰਫ ਵੋਟ ਬੈਂਕ ਵਜੋਂ ਹੀ ਵਰਤਿਆ ਹੈ ਪਰ ਜਿੰਨਾ ਇਸ ਦਾ ਵਿਕਾਸ ਹੋਣਾ ਚਾਹੀਦਾ ਸੀ ਉਹ ਹਜੇ ਤੱਕ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਕਰੀਬ 45 ਸਾਲ ਪੁਰਾਣੀ ਲਿੰਕ ਸੜਕ ਜੋ ਕਿ ਮੀਰਪੁਰ ਤੋਂ ਤਲਵੰਡੀ ਸਲੇਮ ਤੱਕ ਨਕੋਦਰ ਕਪੂਰਥਲਾ ਮੁੱਖ ਮਾਰਗ ਨਾਲ ਜੁੜਦੀ ਹੈ। ਇਸ ਕੱਚੇ ਰਸਤੇ ਉੱਪਰ ਪਿਛਲੇ ਕਈ ਸਾਲਾਂ ਤੋਂ ਸੜਕ ਕਾਗਜ਼ਾਂ ’ਚ ਬਣੀ ਦਿਖਾਈ ਦੇ ਰਹੀ ਹੈ ਪਰ ਸਰਕਾਰਾਂ ਦੀ ਨਾਕਾਮੀ ਕਾਰਨ ਇਸ ਨੂੰ ਅਜੇ ਤੱਕ ਪੱਥਰ ਤੇ ਲੁੱਕ ਨਸੀਬ ਨਹੀਂ ਹੋਇਆ ਪਰ ਹੁਣ ਇਲਾਕੇ ਦੀ ਇਸ ਚਰੋਕਣੀ ਮੰਗ ਨੂੰ ਬੂਰ ਪੈਣ ਪੈਣਾ ਸ਼ੁਰੂ ਹੋ ਗਿਆ ਹੈ। ਸਰਕਾਰ ਵੱਲੋਂ ਇਸ ਕੱਚੇ ਰਸਤੇ ਉੱਪਰ ਸੜਕ ਬਣਾਉਣੀ ਸ਼ੁਰੂ ਹੋ ਚੁੱਕੀ ਹੈ ਤੇ ਵੱਟੇ ਪਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹਨਾਂ ਪੰਤਾਲੀਆ ਸਾਲਾ ਦੇ ਵਿੱਚ ਇਲਾਕਾ ਵਾਸੀਆਂ ਵੱਲੋਂ ਮੁੱਖ ਮੰਤਰੀ,ਮੈਂਬਰ ਪਾਰਲੀਮੈਂਟ ਅਤੇ ਐੱਮ ਐਲ ਏ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਪਰ ਇਸ ਸੜਕ ਦਾ ਕੰਮ ਸ਼ੁਰੂ ਨਹੀਂ ਹੋਇਆ। ਹੁਣ ਇਸ ਸੜਕ ਦਾ ਦੁਬਾਰਾ ਕੰਮ ਚਾਲੂ ਹੋਣ ਉਪਰੰਤ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਮੀਰਪੁਰ ਮਾੜੀ ਦੇ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਪਹਿਲਾਂ 1980 ’ਚ ਬਣਨੀ ਸ਼ੁਰੂ ਹੋਈ ਸੀ ਪਰ ਉਸ ਤੋਂ ਬਾਅਦ ਇਸ ਦਾ ਕੰਮ ਵਿੱਚੇ ਹੀ ਲਟਕ ਗਿਆ ਤੇ ਇਸ ਸੜਕ ਦੀ ਫਾਈਲ ਅੱਠ ਸਰਕਾਰਾ ਨੇ ਸਰਕਾਰੀ ਦਫਤਰਾ ਵਿੱਚ ਹੀ ਨੱਪੀ ਰੱਖੀ ਤੇ ਉਕਤ ਸੜਕ ਨੂੰ ਅਣਗੌਲਿਆ ਕਰੀ ਰੱਖਿਆ। ਇਹ ਸੜਕ ਬਣਨ ਨਾਲ ਪਿੰਡ ਅਤੇ ਇਲਾਕੇ ਦੇ ਲੋਕਾ ਨੂੰ ਲਾਭ ਹੋਵੇਗਾ। ਇਸ ਸੜਕ ਸਬੰਧੀ ਮੰਡੀ ਬੋਰਡ ਦੇ ਜੇ ਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸੜਕ ਦੀ 1•55 ਕਿਲੋਮੀਟਰ ਦੀ ਲੰਬਾਈ ਹੈ, ਜੋ ਕਿ ਲਗਪਗ 47 ਕੁ ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤਰਾ ਦੇ ਹੋਰ ਪੁਰਾਣੇ ਰਸਤਿਆਂ ਉੱਪਰ ਵੀ ਸਰਕਾਰ ਵੱਲੋਂ ਪੱਕੀਆਂ ਸੜਕਾਂ ਬਣਾਈਆਂ ਜਾ ਰਹੀਆ ਹਨ। ਇਸ ਮੌਕੇ ਪਿੰਡ ਮੀਰਪੁਰ ਮਾੜੀ ਦੇ ਨਗਰ ਵਾਸੀ ਹਾਜ਼ਰ ਸਨ।