ਦੋ ਦਿਨ ਪਹਿਲਾਂ ਸੀਲ ਕੀਤਾ ਸਕੂਲ ਵਿਰੋਧ ਮਗਰੋਂ ਖੋਲ੍ਹਿਆ
ਐੱਨਜੀਓ ਵੱਲੋਂ ਚਲਾਇਆ ਜਾ ਰਿਹਾ ਸਕੂਲ ਨਿਗਮ ਨੇ ਕੀਤਾ ਸੀਲ, 370 ਬੱਚਿਆਂ ਦੀ ਪੜ੍ਹਾਈ ਠੱਪ, ਸਿਲਾਈ ਕੇਂਦਰ ਵੀ ਬੰਦ
Publish Date: Tue, 12 May 2026 10:13 PM (IST)
Updated Date: Tue, 12 May 2026 10:15 PM (IST)
-ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹ ਰਹੀ ਕਾਰਵਾਈ : ਬਾਵਾ ਹੈਨਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਮਾਜਿਕ ਸੰਸਥਾ ਬਾਲ ਕਲਿਆਣ ਸੰਸਕਾਰ ਕੇਂਦਰ ਵੱਲੋਂ ਸੋਢਲ ਇਲਾਕੇ ’ਚ ਚਲਾਏ ਜਾ ਰਹੇ ਐੱਸਬੀਟੀ ਮਾਡਲ ਸਕੂਲ ਨੂੰ ਨਗਰ ਨਿਗਮ ਨੇ ਦੋ ਦਿਨ ਪਹਿਲਾਂ ਸੀਲ ਕਰ ਦਿੱਤਾ ਹੈ। ਛੱਜਾ ਬਣਾਉਣ ਨੂੰ ਲੈ ਕੇ ਕੀਤੀ ਗਈ ਇਸ ਕਾਰਵਾਈ ਕਾਰਨ ਸਕੂਲ ਦੇ ਕਰੀਬ 370 ਬੱਚਿਆਂ ਦੀ ਪੜ੍ਹਾਈ ਠੱਪ ਹੋ ਗਈ ਹੈ। ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਸਕੂਲ ਨੂੰ ਸੀਲ ਕੀਤਾ ਗਿਆ ਹੈ। ਸਕੂਲ ਕੈਂਪਸ ’ਚ ਦੁਪਹਿਰ ਸਮੇਂ ਔਰਤਾਂ ਲਈ ਸਿਲਾਈ ਕੇਂਦਰ ਅਤੇ ਸ਼ਾਮ ਨੂੰ ਯੋਗਾ ਕਲਾਸਾਂ ਵੀ ਚੱਲਦੀਆਂ ਸਨ। ਇਹ ਸਕੂਲ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰ ਰਿਹਾ ਸੀ। 370 ਵਿੱਚੋਂ ਕਰੀਬ ਅੱਧੇ ਬੱਚੇ ਬਿਨਾਂ ਫੀਸ ਦੇ ਪੜ੍ਹ ਰਹੇ ਹਨ। ਸਿਲਾਈ ਕੇਂਦਰ ਰਾਹੀਂ ਵੀ ਕਾਫ਼ੀ ਔਰਤਾਂ ਆਤਮਨਿਰਭਰ ਬਣ ਰਹੀਆਂ ਸਨ। ਕਾਂਗਰਸ ਦੇ ਨਾਰਥ ਹਲਕੇ ਤੋਂ ਵਿਧਾਇਕ ਬਾਵਾ ਹੈਨਰੀ ਨੇ ਨਗਰ ਨਿਗਮ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲ ਪਿਛਲੇ 35 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ ਪਰ ਨਗਰ ਨਿਗਮ ਨੇ ਇਸ ਨੂੰ ਸੀਲ ਕਰ ਦਿੱਤਾ। ਬਾਵਾ ਹੈਨਰੀ ਨੇ ਕਿਹਾ ਕਿ ਆਪਣੇ ਜੀਵਨ ’ਚ ਪਹਿਲੀ ਵਾਰ ਕਿਸੇ ਸਕੂਲ ਨੂੰ ਸੀਲ ਹੁੰਦਾ ਦੇਖਿਆ ਹੈ। ਸਕੂਲ ਨੂੰ ਕਈ ਲੋਕ ਰਲ ਕੇ ਚਲਾ ਰਹੇ ਹਨ ਤੇ ਇਹ ਸਮਾਜ ਵਿੱਚ ਇਕ ਵਧੀਆ ਉਦਾਹਰਨ ਹੈ। ਪੰਜਾਬ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਸੂਬੇ ’ਚ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈ ਤੇ ਹਰ ਕਿਸੇ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਪਰ ਇੱਥੇ ਚੰਗਾ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਨਾਲ ਬਣੀ ਇਕ ਡਿਸਪੈਂਸਰੀ ਨੂੰ ਵੀ ਸੀਲ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਜੇਕਰ ਉਸਾਰੀ ਕਾਰਜ ਗੈਰਕਾਨੂੰਨੀ ਸੀ ਤਾਂ ਸਕੂਲ ਪ੍ਰਿੰਸੀਪਲ ਨੂੰ ਨੋਟਿਸ ਦੇ ਕੇ ਚਿਤਾਵਨੀ ਦਿੱਤੀ ਜਾ ਸਕਦੀ ਸੀ। ਉਸਾਰੀ ਰੋਕਣ ਜਾਂ ਢਾਹੁਣ ਲਈ ਕਿਹਾ ਜਾ ਸਕਦਾ ਸੀ ਪਰ ਸਕੂਲ ਨੂੰ ਸੀਲ ਕਰਨਾ ਕਿੱਥੋਂ ਤੱਕ ਠੀਕ ਹੈ।
ਚਿਤਾਵਨੀ ਮਗਰੋਂ ਦੇਰ ਸ਼ਾਮ ਖੋਲ੍ਹੀ ਸੀਲ
ਸਕੂਲ ਸੀਲ ਹੋਣ ਦੀ ਸੂਚਨਾ ਮਿਲਣ ’ਤੇ ਨਾਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਮੌਕੇ ’ਤੇ ਪੁੱਜੇ ਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਡਾਇਰੈਕਟਰ ਤੇ ਹੋਰ ਅਧਿਕਾਰੀਆਂ ਨਾਲ ਚੰਡੀਗੜ੍ਹ ਗੱਲ ਕੀਤੀ ਤੇ ਸੀਲ ਫੌਰੀ ਖੁਲ੍ਹਵਾਉਣ ਲਈ ਕਿਹਾ। ਹੈਨਰੀ ਨੇ ਚਿਤਾਵਨੀ ਦਿੱਤੀ ਕਿ ਜੇ ਨਿਗਮ ਸੀਲ ਨਹੀਂ ਖੋਲ੍ਹਦਾ ਤਾਂ ਉਹ ਖੁਦ ਹੀ ਸੀਲ ਤੋੜ ਦੇਣਗੇ। ਹਾਲਾਂਕਿ ਇਸ ਚਿਤਾਵਨੀ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੇ ਸ਼ਾਮ ਕਰੀਬ 7.30 ਵਜੇ ਸੀਲ ਖੋਲ੍ਹ ਦਿੱਤੀ।