ਨਿਗਮ ਨੇ ਬਿੱਲਾਂ ਦੇ 7 ਲੱਖ ਵਸੂਲੇ, 4 ਡਿਫਾਲਟਰਾਂ ਦੇ ਕੱਟੇ ਕੁਨੈਕਸ਼ਨ
ਨਿਗਮ ਨੇ ਪਾਣੀ-ਸੀਵਰੇਜ ਬਿੱਲਾਂ ਦੇ 7 ਲੱਖ ਵਸੂਲੇ, 4 ਡਿਫਾਲਟਰਾਂ ਦੇ ਕਨੈਕਸ਼ਨ ਕੱਟੇ
Publish Date: Mon, 11 May 2026 10:07 PM (IST)
Updated Date: Mon, 11 May 2026 10:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਵਾਟਰ ਸਪਲਾਈ ਬ੍ਰਾਂਚ ਵੱਲੋਂ ਜ਼ੋਨ-7 ਵਿੱਚ ਬਕਾਇਆ ਪਾਣੀ-ਸੀਵਰੇਜ ਬਿੱਲਾਂ ਦੀ ਵਸੂਲੀ ਲਈ ਸਖ਼ਤ ਕਾਰਵਾਈ ਕੀਤੀ ਗਈ। ਨਿਗਮ ਟੀਮ ਨੇ ਜ਼ੋਨ ਨੰਬਰ-7 ਦੇ ਇੰਡਸਟ੍ਰੀਅਲ ਅਸਟੇਟ ਵਿੱਚ 7 ਲੱਖ ਰੁਪਏ ਦੀ ਬਕਾਇਆ ਰਕਮ ਵਸੂਲ ਕੀਤੀ। ਇਸ ਦੇ ਨਾਲ ਹੀ ਬਕਾਇਆ ਰਕਮ ਜਮ੍ਹਾਂ ਨਾ ਕਰਵਾਉਣ ਵਾਲੇ ਚਾਰ ਲੋਕਾਂ ਦੇ ਪਾਣੀ-ਸੀਵਰੇਜ ਕੁਨੈਕਸ਼ਨ ਕੱਟ ਦਿੱਤੇ ਗਏ। ਇਨ੍ਹਾਂ ’ਚ ਆਨੰਦ ਪਬਲਿਕ ਸਕੂਲ, ਬਚਿੰਤ ਨਗਰ ਤੋਂ 1,00,093 ਰੁਪਏ, ਸੁਰਜੀਤ ਕੁਮਾਰ, ਰੇਰੂ ਪਿੰਡ ਤੋਂ 1,08,142 ਰੁਪਏ, ਅਜੀਤ ਪਾਲ, ਰੇਰੂ ਪਿੰਡ ਤੋਂ 1,28,071 ਰੁਪਏ ਅਤੇ ਅੰਮ੍ਰਿਤ ਅਲੰਗ, ਗੁਲਮਰਗ ਕਾਲੋਨੀ ਤੋਂ 1,05,411 ਰੁਪਏ ਦੀ ਵਸੂਲੀ ਕੀਤੀ ਜਾਣੀ ਹੈ। ਇਹ ਕਾਰਵਾਈ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ ਤੇ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਨਿਰਦੇਸ਼ਾਂ ਹੇਠ ਫਲਾਇੰਗ ਸਕੂਐਡ-ਕਮ-ਚੀਫ ਟੈਕਸ ਕੁਲੈਕਟਰ ਅਸ਼ਵਨੀ ਗਿੱਲ ਤੇ ਸੁਪਰਡੈਂਟ ਵਾਟਰ ਰੇਟ ਹਰਪ੍ਰੀਤ ਵਾਲੀਆ ਦੀ ਅਗਵਾਈ ’ਚ ਕੀਤੀ ਗਈ। ਟੀਮ ਜ਼ੋਨ ਨੰਬਰ-7 ਦੇ ਇੰਸਪੈਕਟਰ ਹਰਜੀਤ ਬੌਬੀ ਤੇ ਰਾਜਦੀਪ ਦੇ ਨਾਲ ਮੌਕੇ ‘ਤੇ ਪੁੱਜੀ ਤੇ ਬਿੱਲ ਅਦਾ ਨਾ ਕਰਨ ਵਾਲਿਆਂ ਦੇ ਕੁਨੈਕਸ਼ਨ ਕੱਟ ਦਿੱਤੇ। ਮੇਅਰ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਕਾਇਆ ਪਾਣੀ ਤੇ ਸੀਵਰੇਜ ਬਿੱਲ ਸਮੇਂ ਸਿਰ ਜਮ੍ਹਾਂ ਕਰਵਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਿਆ ਜਾ ਸਕੇ।