ਢਿੱਲਵਾਂ-ਰਾਮਾਮੰਡੀ ’ਚ ਗੈਰਕਾਨੂੰਨੀ ਕਾਲੋਨੀ ਨਿਰਮਾਣ ਦਾ ਮਾਮਲਾ ਗਰਮਾਇਆ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਹਲਕਾ ਜਲੰਧਰ ਕੇਂਦਰੀ ਅਧੀਨ ਆਉਂਦੇ ਇਲਾਕੇ ਢਿੱਲਵਾਂ, ਰਾਮਾ-ਮੰਡੀ ’ਚ ਇਕ ਗੈਰਕਾਨੂੰਨੀ ਤੇ ਬਿਨਾਂ ਮਨਜ਼ੂਰੀ ਵਾਲੀ ਕਾਲੋਨੀ ਦੇ ਨਿਰਮਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਭਾਜਪਾ ਜਲੰਧਰ ਕੇਂਦਰੀ ਦੇ ਕਾਰਜਕਾਰੀ ਪ੍ਰਧਾਨ ਇੰਜੀਨੀਅਰ ਚੰਦਨ ਰਖੇਜਾ ਦੀ ਅਗਵਾਈ ਹੇਠ ਸਥਾਨਕ ਨਿਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ ਉਕਤ ਕਾਲੋਨੀ ਦਾ ਨਿਰਮਾਣ ‘ਆਪ’ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਕੁਝ ਸਥਾਨਕ ਕੌਂਸਲਰਾਂ ਦੀ ਮਿਲੀਭੁਗਤ ਨਾਲ ਕੀਤਾ ਜਾ ਰਿਹਾ ਹੈ। ਸਬੰਧਤ ਜ਼ਮੀਨ ਪਿੰਡ ਢਿੱਲਵਾਂ, ਹੱਦਬਸਤ ਨੰਬਰ 191 ਵਿੱਚ ਸਥਿਤ ਹੈ, ਜਿਸ ਵਿਚ ਖਸਰਾ ਨੰਬਰ 15//8/1, 8/2/1, 8/2/2, 9/1, 12/2, 13, 18, 15//19, 22/1, 15//4/1/1, 7/2, 15//17/2, 17/1/2, 14/1, 9//22/2, 15//2 ਆਦਿ ਸ਼ਾਮਲ ਹਨ। ਕੁੱਲ ਜ਼ਮੀਨ ਦਾ ਰਕਬਾ ਲਗਭਗ 4 ਕਨਾਲ 8 ਮਰਲਾ ਹੈ, ਜੋ ਖੇਤੀਬਾੜੀ ਜ਼ਮੀਨ ਵਜੋਂ ਦਰਜ ਹੈ। ਰਾਖੇਜਾ ਨੇ ਦੱਸਿਆ ਕਿ ਕਾਲੋਨੀ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਜਾਇਜ਼ ਮਨਜ਼ੂਰੀ ਜਾਂ ਐੱਨਓਸੀ ਸੰਬੰਧਤ ਵਿਭਾਗਾਂ ਤੋਂ ਪ੍ਰਾਪਤ ਨਹੀਂ ਕੀਤੀ ਗਈ ਹੈ, ਇਸ ਦੇ ਬਾਵਜੂਦ ਪਲਾਟਿੰਗ ਅਤੇ ਵਿਕਰੀ ਦਾ ਕੰਮ ਖੁੱਲ੍ਹੇਆਮ ਚੱਲ ਰਿਹਾ ਹੈ। ਇਸ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਬਿਨ੍ਹਾਂ ਮਨਜ਼ੂਰੀਆਂ ਦੇ ਕਾਲੋਨੀ ਦਾ ਨਿਰਮਾਣ ਕਾਨੂੰਨ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਨੇ ਪੁੱਛਿਆ ਕਿ ਅਜਿਹੀ ਸਥਿਤੀ ਵਿੱਚ ਨਗਰ ਨਿਗਮ ਵੱਲੋਂ ਸੀਵਰੇਜ, ਪੀਣ ਵਾਲਾ ਪਾਣੀ, ਸੜਕ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਕਿਵੇਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ 'ਤੇ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਇੰਨੀ ਵੱਡੀ ਗੈਰਕਾਨੂੰਨੀ ਗਤੀਵਿਧੀ ਦਾ ਖੁੱਲ੍ਹੇਆਮ ਚੱਲਣਾ ਵਿਭਾਗੀ ਨਿਗਰਾਨੀ 'ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਉਨ੍ਹਾਂ ਨੇ ਜਲੰਧਰ ਦੇ ਮੇਅਰ ਤੇ ਸਬੰਧਤ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਵਿਚ ਜ਼ਿੰਮੇਵਾਰੀ ਨਿਰਧਾਰਤ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਸ਼ਿਕਾਇਤ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਉਚਿਤ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ ਤੇ ਮਾਮਲੇ ਨੂੰ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਚੰਦਨ ਰਖੇਜਾ ਨਾਲ ਪਹੁੰਚੀ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਰਾਸ਼ਟਰੀ ਪ੍ਰਧਾਨ ਤੇ ਭਾਜਪਾ ਦੀ ਸਾਬਕਾ ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਆਰਤੀ ਰਾਜਪੂਤ ਨੇ ਮੰਗ ਕੀਤੀ ਹੈ ਕਿ ਗੈਰਕਾਨੂੰਨੀ ਨਿਰਮਾਣ ਅਤੇ ਪਲਾਟਿੰਗ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਮੰਡਲ 5 ਤੋਂ ਜਨਰਲ ਸਕੱਤਰ ਗੁਰਮੀਤ ਸਿੰਘ, ਨਵੀਨ ਪ੍ਰਭਾਕਰ, ਸਾਬਕਾ ਭਾਜਪਾ ਨੇਤਾ ਹਨੀ ਤਲਵਾਰ, ਗਗਨ ਬੇਦੀ, ਅਸ਼ਵਨੀ ਕੁਮਾਰ ਅਤੇ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਇਲਾਕਾ ਵਾਸੀ ਮੌਜੂਦ ਸਨ।