ਬਿਨਾ ਇੰਸਪੈਕਟਰਾਂ ਦੇ ਚਲ ਰਹੀ ਹੈ ਨਿਗਮ ਦੀ ਬਿਲਡਿੰਗ ਬਰਾਂਚ

ਸਟਾਫ ਹੋਣ ’ਤੇ ਪਿਛਲੇ ਸਾਲ ਬ੍ਰਾਂਚ ਨੇ 70 ਕਰੋੜ ਦੀ ਕੀਤੀ ਸੀ ਵਸੂਲੀ
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਇਸ ਸਮੇਂ ਇੰਸਪੈਕਟਰਾਂ ਦੀ ਘਾਟ ਕਾਰਨ ਪੁਰੀ ਤਰ੍ਹਾਂ ਖਾਲੀ ਹੈ, ਜਦੋਂਕਿ ਅਧਿਕਾਰੀਆਂ ਦੀ ਟੀਮ ਪੂਰੀ ਹੈ। ਕੰਮ ਕਰਨ ਵਾਲੀ ਹੇਠਲੀ ਟੀਮ ਨਾ ਹੋਣ ਕਰਕੇ ਬਿਲਡਿੰਗ ਬ੍ਰਾਂਚ ’ਚ ਕੋਈ ਕੰਮ ਨਹੀਂ ਹੋ ਰਿਹਾ ਹੈ ਤੇ ਹੁਣ ਸਿਰਫ ਬ੍ਰਾਂਚ ਤੋਂ ਨਕਸ਼ਾ ਪਾਸ ਜਾਂ ਐੱਨਓਸੀ ਦੇਣ ਤੋਂ ਇਲਾਵਾ ਕੋਈ ਵੀ ਕੰਮ ਨਹੀਂ ਹੋ ਰਿਹਾ ਹੈ। ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਸੂਤਰਾਂ ਅਨੁਸਾਰ ਪਿਛਲੇ ਸਾਲ 2024=25 ’ਚ ਬ੍ਰਾਂਚ ਨੇ ਨਗਰ ਨਿਗਮ ਲਈ 70 ਕਰੋੜ ਦੀ ਵਸੂਲੀ ਕਰਕੇ ਉਸ ਦੇ ਖਜ਼ਾਨੇ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਮਹੱਤਵਪੂਰਨ ਭੁਮਿਕਾ ਨਿਭਾਈ ਸੀ। ਜਦਕਿ ਅਗਲੇ ਸਾਲ ਦੀ ਵਸੂਲੀ ਲਈ ਇੰਸਪੈਕਟਰ ਸਟਾਫ ਦੀ ਘਾਟ ਕਾਰਨ ਚਾਲੂ ਮਾਲੀ ਸਾਲ ਦੀ ਵਸੂਲੀ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰਾਂ ਦੀ ਘਾਟ ਦੀ ਪੂਰਤੀ ਲਾਜ਼ਮੀ ਤੌਰ ’ਤੇ ਹੋਣੀ ਚਾਹੀਦੀ ਹੈ।
---
ਇਕ ਐੱਸਟੀਪੀ ਤੇ ਦੋ ਐੱਮਟੀਪੀ ਮੌਜੂਦ
ਇਸ ਸਮੇਂ ਨਗਰ ਦੀ ਬਿਲਡਿੰਗ ਬ੍ਰਾਂਚ ’ਚ ਜਿਥੇ ਹੇਠਲਾ ਸਟਾਫ ਤਾਂ ਮੌਜੂਦ ਨਹੀਂ ਹੈ ਪਰ ਉਪਰ ਇਕ ਐੱਸਟੀਪੀ, ਦੋ ਐੱਮਟੀਪੀ ਅਤੇ ਅੱਧੀ ਦਰਜਨ ਦੇ ਲਗਪਗ ਏਟੀਪੀ ਮੌਜੂਦ ਹਨ ਪਰ 2 ਇੰਸਪੈਕਟਰ ਹੋਣ ਕਾਰਨ ਬਿਲਡਿੰਗ ਬ੍ਰਾਂਚ ਦੀ ਵਸੂਲੀ ਪ੍ਰਭਾਵਿਤ ਹੋ ਰਹੀ ਹੈ। ਇਸ ਸਮੇਂ ਨਗਰ ਨਿਗਮ ’ਚ ਤੇਜਪ੍ਰੀਤ ਸਿੰਘ ਐੱਸਟੀਪੀ ਲਗਾਏ ਗਏ ਹਨ, ਉਨ੍ਹਾਂ ਕੋਲ ਅੰਮ੍ਰਿਤਸਰ ਨਗਰ ਨਿਗਮ ਦਾ ਚਾਰਜ ਵੀ ਹੈ, ਉਹ 3 ਦਿਨ ਜਲੰਧਰ ਤੇ ਦੋ ਦਿਨ ਅੰਮ੍ਰਿਤਸਰ ਰਹਿੰਦੇ ਹਨ। ਇਸ ਲਈ ਬਿਲਡਿੰਗ ਬ੍ਰਾਂਚ ਦਾ ਫੀਲਡ ਵਰਕ ਬਿਲਕੁ ਠੱਪ ਹੋ ਚੁੱਕਾ ਹੈ। ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਜਿਹੜੀ ਕਿ ਕਮਾਊ ਪੁੱਤ ਸਮਝੀ ਜਾਂਦੀ ਹੈ, ਉਹ ਬਿਲਕੁਲ ਖਾਲੀ ਹੋਣ ਕਾਰਨ ਨਿਗਮ ਦੀ ਆਰਥਿਕ ਸਥਿਤੀ ਪ੍ਰਭਾਵਿਤ ਕਰ ਸਕਦੀ ਹੈ। ਇੰਸਪੈਕਟਰਾਂ ਦੀ ਘਾਟ ਦਾ ਮੁੱਖ ਕਾਰਨ ਬ੍ਰਾਂਚ ਦੇ ਦੋ ਦਰਜਨ ਤੋਂ ਵੱਧ ਇੰਸਪੈਕਟਰਾਂ ਦਾ ਤਬਾਦਲਾ ਕਰਨਾ ਤੇ ਉਨ੍ਹਾਂ ਦੀ ਥਾਂ ਤੇ ਕਿਸੇ ਦੂਜੀ ਬ੍ਰਾਂਚ ਦੇ ਮੁਲਾਜ਼ਮ ਤਾਇਨਾਤ ਨਾ ਕਰਨਾ ਹੈ, ਜਦੋਂਕਿ ਛੋਟੀਆਂ ਨਗਰ ਨਿਗਮਾਂ ਜਿਸ ਤਰ੍ਹਾਂ ਪਠਾਨਕੋਟ, ਕਪੂਰਥਲਾ, ਫਗਵਾੜਾ, ਮੋਗਾ ਆਦਿ ’ਚ ਜਿਥੇ ਕੋਈ ਬਹੁਤਾ ਕੰਮ ਨਹੀਂ ਹੈ, ਉਥੇ ਸਟਾਫ ਵਧੇਰੇ ਹੈ।
---
ਨਕਸ਼ਿਆਂ ਦਾ ਕੰਮ ਪ੍ਰਭਾਵਿਤ
ਹੈੱਡ ਡਰਾਫਟਸਮੈਨ ਨਾ ਹੋਣ ਕਾਰਨ ਲੋਕਾਂ ਦੇ ਘਰੇਲੂ ਨਕਸ਼ੇ ਵੀ ਪ੍ਰਭਾਵਿਤ ਹੋ ਰਹੇ ਹਨ ਅਤੇ ਜਦੋਂ ਵੀ ਕੋਈ ਨਕਸ਼ਾ ਆਨਲਾਈਨ ਅਪਲਾਈ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਹੈੱਡ ਡਰਾਫਟਸਮੈਨ ਕੋਲ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਹੁੰਦੀ ਹੈ। ਇਸ ਲਈ ਬਿਲਡਿੰਗ ਬ੍ਰਾਂਚ ਇਕ ਕਿਸਮ ਦੀ ਖਾਲ੍ਹੀ ਹੋ ਚੁੱਕੀ ਹੈ।
---
ਸਟਾਫ ਬਾਰੇ ਮੰਤਰੀ ਨਾਲ ਗੱਲ ਕਰਾਂਗੇ : ਮੇਅਰ
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਹੁਣ ਸਥਾਨਕ ਸਰਕਾਰਾਂ ਵਿਭਾਗ ਦੇ ਨਵੇਂ ਬਣੇ ਮੰਤਰੀ ਨਾਲ ਮੁਲਾਕਾਤ ਕਰਕੇ ਜਲੰਧਰ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰਾਂ ਦੀ ਗਿਣਤੀ ਪੂਰੀ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਸ ਕੰਮ ਲਈ ਮੰਤਰੀ ਤੋਂ ਸਮਾਂ ਲੈ ਕੇ ਉਨ੍ਹਾਂ ਨੂੰ ਮਿਲਣਗੇ।