ਲਿੰਕ ਰੋਡ ਤੋਂ ਮਿਲੀ ਅਣਪਛਾਤੀ ਲਾਸ਼
ਨੈਸ਼ਨਲ ਹਾਈਵੇ ਦੇ ਪੈਂਦੇ ਲਿੰਕ ਰੋਡ ਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ
Publish Date: Sat, 08 Nov 2025 09:09 PM (IST)
Updated Date: Sat, 08 Nov 2025 09:10 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਨੈਸ਼ਨਲ ਹਾਈਵੇ 44 ਦੇ ਨਜ਼ਦੀਕ ਪੈਂਦੇ ਲਿੰਕ ਰੋਡ ਉੱਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਸ਼ ਬਾਰੇ ਜਾਣਕਾਰੀ ਚੰਗੀ ਤਰ੍ਹਾਂ ਨਾ ਬੋਲ ਸਕਣ ਵਾਲੇ ਨੌਜਵਾਨ ਨੇ ਮੋਬਾਈਲ ਤੋਂ ਵੀਡੀਓ ਕਾਲ ਕਰ ਕੇ ਇਸ਼ਾਰਿਆਂ ਰਾਹੀਂ ਦਿੱਤੀ। ਮ੍ਰਿਤਕ ਨੌਜਵਾਨ ਉਮਰ 25 ਤੋਂ 30 ਸਾਲ ਦੇ ਕਰੀਬ ਹੈ, ਉਸ ਨੇ ਚੈੱਕਦਾਰ ਸ਼ਰਟ, ਸਲੇਟੀ ਰੰਗ ਦਾ ਪਜਾਮਾ ਤੇ ਫਲੀਟ ਬੂਟ ਪਾਏ ਹੋਏ ਸਨ। ਉਸ ਦੇ ਗਲੇ ’ਚ ਪੀਲਾ ਤੇ ਕਾਲੇ ਰੰਗ ਦਾ ਡੱਬੀਆਂ ਵਾਲਾ ਪਰਨਾ ਪਾਇਆ ਹੋਇਆ ਸੀ। ਦੇਖਣ ਨੂੰ ਉਹ ਪਰਵਾਸੀ ਲੱਗਦਾ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਏਐੱਸਆਈ ਧਰਮਿੰਦਰ ਮੌਕੇ ’ਤੇ ਪੁੱਜੇ ਤੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਏਐੱਸਆਈ ਧਰਮਿੰਦਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਤਾ ਕਰਨ ਲਈ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿਚੋਂ 500 ਰੁਪਏ ਤੇ ਕੁਝ ਗ੍ਰਾਮ ਚੂਰਾ ਪੋਸਤ ਵੀ ਬਰਾਮਦ ਹੋਇਆ ਪਰ ਉਸ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਲਾਸ਼ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ 72 ਘੰਟੇ ਲਈ ਰੱਖ ਕੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ।