ਅਪ੍ਰੈਲ ਦੇ 20 ਦਿਨਾਂ ’ਚ ਬਣੇ 18,325 ਐੱਸਸੀ ਸਰਟੀਫਿਕੇਟ
ਕਿਤੇ ਰਹਿ ਨਾ ਜਾਵੇ ਯੋਜਨਾ ਦਾ ਲਾਭ, ਅਪ੍ਰੈਲ ਦੇ 20 ਦਿਨਾਂ ’ਚ ਬਣੇ 18,325 ਐੱਸਸੀ ਸਰਟੀਫਿਕੇਟ
Publish Date: Tue, 21 Apr 2026 10:39 PM (IST)
Updated Date: Tue, 21 Apr 2026 10:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਹਾਲ ਹੀ ‘ਮਾਵਾਂ ਧੀਆਂ ਸਤਕਾਰ ਯੋਜਨਾ’ ਦੇ ਐਲਾਨ ਤੋਂ ਬਾਅਦ ਜ਼ਿਲ੍ਹੇ ਭਰ ਦੇ ਸੇਵਾ ਕੇਂਦਰਾਂ ’ਤੇ ਸਵੇਰੇ ਤੋਂ ਹੀ ਔਰਤਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਤਾਰਾਂ ’ਚ ਖੜ੍ਹੇ ਹੋ ਰਹੇ ਹਨ। ਕੋਸ਼ਿਸ਼ ਇਹੀ ਹੈ ਕਿ ਜਲਦੀ ਤੋਂ ਜਲਦੀ ਉਨਾਂ ਦਾ ਕਾਸਟ ਸਰਟੀਫਿਕੇਟ ਬਣ ਜਾਵੇ ਤਾਂ ਜੋ ਉਹ ਯੋਜਨਾ ਦੇ ਲਾਭ ਤੋਂ ਵਾਂਝੇ ਨਾ ਰਹਿ ਜਾਣ। ਸਰਕਾਰ ਨੇ ਆਮ ਵਰਗ ਦੀਆਂ ਔਰਤਾਂ ਲਈ 1000 ਰੁਪਏ ਮਹੀਨਾਵਾਰ ਤੇ ਅਨੁਸੂਚਿਤ ਜਾਤੀ ਵਰਗ ਦੀਆਂ ਲਈ 1500 ਰੁਪਏ ਮਹੀਨਾਵਾਰ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਪਰ ਜਲਦੀ ਹੀ ਇਸ ਬਾਰੇ ਐਲਾਨ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਔਰਤਾਂ ’ਚ ਉਤਸ਼ਾਹ ਤੇ ਦੌੜ ਵਧਣ ਦੀ ਉਮੀਦ ਹੈ। ਜੇ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਇਹ ਕਾਫੀ ਹੈਰਾਨੀਜਨਕ ਹਨ। ਇਸ ਸਮੇਂ ਰੋਜ਼ਾਨਾ ਔਸਤ ਤੌਰ ’ਤੇ 900 ਤੋਂ ਵੱਧ ਕਾਸਟ ਸਰਟੀਫਿਕੇਟ ਲਈ ਅਰਜ਼ੀਆਂ ਆ ਰਹੀਆਂ ਹਨ। ਇਸ ਤੋਂ ਪਹਿਲਾਂ ਮਾਰਚ ਮਹੀਨੇ ’ਚ ਇਹ ਅੰਕੜਾ ਰੋਜ਼ਾਨਾ ਲਗਪਗ 400 ਦੇ ਕਰੀਬ ਸੀ, ਜਦੋਂ ਸਕੂਲ-ਕਾਲਜਾਂ ’ਚ ਦਾਖ਼ਲੇ ਦਾ ਸਮਾਂ ਵੀ ਚੱਲ ਰਿਹਾ ਸੀ ਪਰ ‘ਮਾਵਾਂ ਧੀਆਂ ਸਤਕਾਰ ਯੋਜਨਾ’ ਦੇ ਐਲਾਨ ਤੋਂ ਬਾਅਦ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਮੰਗਲਵਾਰ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨਿਕ ਸੇਵਾ ਕੇਂਦਰ ਸਥਿਤ ਟਾਈਪ-ਵਨ ਸੇਵਾ ਕੇਂਦਰ ’ਚ ਇਹੀ ਮਾਹੌਲ ਵੇਖਣ ਨੂੰ ਮਿਲਿਆ, ਜਿੱਥੇ ਦੁਪਹਿਰ ਤੱਕ ਔਰਤਾਂ ਆਪਣੀ ਵਾਰੀ ਦੀ ਉਡੀਕ ਕਰਦੀਆਂ ਰਹੀਆਂ। ------------------------ ਮਾਰਚ ’ਚ ਬਣੇ ਸਰਟੀਫਿਕੇਟ ਐੱਸਸੀ ਸਰਟੀਫਿਕੇਟ : 10,764 ਓਬੀਸੀ-ਬੀਸੀ ਸਰਟੀਫਿਕੇਟ : 1,500 20 ਅਪ੍ਰੈਲ ਤੱਕ ਬਣੇ ਸਰਟੀਫਿਕੇਟ ਐੱਸਸੀ ਸਰਟੀਫਿਕੇਟ : 18,325 ਓਬੀਸੀ-ਬੀਸੀ ਸਰਟੀਫਿਕੇਟ : 2,150 --------------- ਜ਼ਿਲ੍ਹੇ ’ਚ 35 ਸੇਵਾ ਕੇਂਦਰ ਹਨ ਟਾਈਪ ਵਨ (ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ) : 1 ਟਾਈਪ ਟੂ : 25 ਟਾਈਪ ਥ੍ਰੀ : 9