-ਪਹਿਲਾਂ ਮੈਦਾਨ ਬਾਹਰ ਤੇ

ਹਿੰਦੂ ਜਥੇਬੰਦੀਆਂ ਦੇ ਮੁਜ਼ਾਹਰੇ ਮਗਰੋਂ ਮੰਨਿਆ ਜ਼ਿਲ੍ਹਾ ਪ੍ਰਸ਼ਾਸਨ
-ਪਹਿਲਾਂ ਮੈਦਾਨ ਬਾਹਰ ਤੇ ਫਿਰ ਪਟੇਲ ਚੌਕ 'ਚ ਲਾਇਆ ਧਰਨਾ
ਜਾਸ, ਜਲੰਧਰ : ਸ਼੍ਰੀ ਕਸ਼ਟ ਨਿਵਾਰਣ ਬਾਲਾਜੀ ਮੰਦਰ ਬਾਜ਼ਾਰ ਸ਼ੇਖਾਂ ਵੱਲੋਂ ਸਾਈਂ ਦਾਸ ਸਕੂਲ ਪਟੇਲ ਚੌਕ ਦੀ ਮੈਦਾਨ ’ਚ ਹੋਣ ਵਾਲੇ ਬਾਲਾਜੀ ਦੇ ਸੰਕੀਰਤਨ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ ਨੂੰ ਰੋਕ ਲਾਉਣ ਦੇ ਵਿਰੋਧ ’ਚ ਹਿੰਦੂ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਮਗਰੋਂ ਆਖਰਕਾਰ ਦੁਪਹਿਰ ਨੂੰ ਪੁਲਿਸ ਪ੍ਰਸ਼ਾਸਨ ਨੇ ਇਜਾਜ਼ਤ ਦੇ ਦਿੱਤੀ। ਪੁਲਿਸ ਕਾਰਵਾਈ ਦੇ ਵਿਰੋਧ ’ਚ ਵੀਰਵਾਰ ਨੂੰ ਜ਼ਿਲ੍ਹੇ ਦੇ ਹਿੰਦੂ ਜਥੇਬੰਦੀਆਂ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਜ਼ਿਲ੍ਹੇ ਭਰ ਦੇ ਬਾਲਾਜੀ ਦੇ ਭਗਤ ਵੀ ਪੁਲਿਸ ਦੀ ਇਸ ਕਾਰਵਾਈ ਖ਼ਿਲਾਫ਼ ਧਰਨੇ ’ਚ ਸ਼ਾਮਲ ਹੋਏ। ਇਸ ਦੌਰਾਨ ਪੁਲਿਸ ਦਾ ਤਰਕ ਸੀ ਕਿ ਸੰਸਥਾ ਕੋਲ ਪੁਲਿਸ ਦੀ ਇਜਾਜ਼ਤ ਨਹੀਂ ਸੀ। ਇਸ ਪੂਰੇ ਘਟਨਾਕ੍ਰਮ ’ਚ ਰੋਸ ਵਜੋਂ ਵਿਧਾਇਕ ਰਮਨ ਅਰੋੜਾ ਨੇ ਹਾਲ ਹੀ ’ਚ ਉਨ੍ਹਾਂ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਪੁਲਿਸ ਪ੍ਰਸ਼ਾਸਨ ਨੇ ਬਾਲਾਜੀ ਮਹਾਰਾਜ ਦੇ ਸੰਕੀਰਤਨ ’ਚ ਵਿਘਨ ਪਾਉਣ ਕਰਨ ਦੀ ਕੋਸ਼ਿਸ਼ ਕੀਤੀ, ਅਜਿਹੀ ਸੁਰੱਖਿਆ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ।
ਅਸਲ ’ਚ, ਸ਼੍ਰੀ ਕਸ਼ਟ ਨਿਵਾਰਣ ਬਾਲਾਜੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਾਈਂ ਦਾਸ ਸਕੂਲ ਪਟੇਲ ਚੌਕ ਮੈਦਾਨ ’ਚ 14 ਮਈ ਨੂੰ ਬਾਲਾਜੀ ਦਾ ਸੰਕੀਰਤਨ ਕਰਵਾਇਆ ਜਾਣਾ ਸੀ। ਇਸ ’ਚ ਵਿਸ਼ਵ ਪ੍ਰਸਿੱਧ ਭਜਨ ਗਾਇਕ ਘਨੱਈਆ ਮਿੱਤਲ ਨੇ ਹਾਜ਼ਰੀ ਲਾਉਣੀ ਸੀ। ਇਸ ਸਬੰਧੀ ਜਿੱਥੇ ਸੰਸਥਾ ਵੱਲੋਂ ਮੰਗਲਵਾਰ ਨੂੰ ਸ਼ੋਭਾ ਯਾਤਰਾ ਕੱਢ ਕੇ ਸ਼ਹਿਰ ਵਾਸੀਆਂ ਨੂੰ ਸੱਦਾ ਕੀਤਾ ਗਿਆ ਸੀ, ਉਥੇ ਸੰਪਰਕ ਮੁਹਿੰਮ ਟੀਮ ਨੇ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਤੇ ਸਿਆਸੀ ਸੰਸਥਾਵਾਂ ਦੇ ਨੁਮਾਇਦਿਆਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਸੀ। ਇਕ ਦਿਨ ਪਹਿਲਾਂ ਬੁੱਧਵਾਰ ਰਾਤ ਨੂੰ ਮੈਦਾਨ ’ਚ ਵਾਟਰ ਪਰੂਫ ਪੰਡਾਲ ਦੇ ਨਾਲ-ਨਾਲ ਲਾਈਟਿੰਗ ਦਾ ਕੰਮ ਚੱਲ ਰਿਹਾ ਸੀ ਤਾਂ ਰਾਤ ਕਰੀਬ 11 ਵਜੇ ਪੁਲਿਸ ਨੇ ਆ ਕੇ ਇਸ ਨੂੰ ਰੋਕ ਦਿੱਤਾ। ਹਾਲਾਂਕਿ, ਜਾਣਕਾਰੀ ਮਿਲਣ 'ਤੇ ਸੰਸਥਾ ਦੇ ਮੁੱਖ ਸੇਵਾਦਾਰ ਤੇ ਵਿਧਾਇਕ ਰਮਨ ਅਰੋੜਾ ਸਾਥੀਆਂ ਨਾਲ ਮੌਕੇ 'ਤੇ ਪੁੱਜੇ ਤੇ ਹਰੇਕ ਤਰ੍ਹਾਂ ਪ੍ਰਵਾਨਗੀ ਦਿਖਾ ਦਿੱਤੀ, ਫਿਰ ਵੀ ਪੁਲਿਸ ਪ੍ਰੋਗਰਾਮ ਨਾ ਕਰਨ 'ਤੇ ਅੜੀ ਰਹੀ। ਵਿਰੋਧ ਵਜੋਂ ਰਾਤ ਕਰੀਬ 2 ਵਜੇ ਤੱਕ ਜ਼ਿਲ੍ਹੇ ਦੇ ਹਿੰਦੂ ਜਥੇਬੰਦੀਆਂ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਪੁਲਿਸ ਖ਼ਿਲਾਫ਼ ਮੈਦਾਨ ’ਚ ਰੋਸ ਪ੍ਰਦਰਸ਼ਨ ਕੀਤਾ। ਵੀਰਵਾਰ ਨੂੰ ਸਵੇਰੇ ਕਰੀਬ 9 ਵਜੇ ਮੁੜ ਹਿੰਦੂ ਜਥੇਬੰਦੀਆਂ ਦੇ ਨੁਮਾਇੰਦੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ’ਚ ਹਿੰਦ ਕ੍ਰਾਂਤੀ ਦਲ ਦੇ ਕੌਮੀ ਪ੍ਰਧਾਨ ਮਨੋਜ ਨੰਨ੍ਹਾ, ਸ਼ਿਵਸੈਨਾ ਦੇ ਆਗੂ ਮੁਨੀਸ਼ ਬਾਹਰੀ, ਇਸ਼ਾਂਤ ਸ਼ਰਮਾ ਦੇ ਨਾਲ-ਨਾਲ ਸਾਬਕਾ ਵਿਧਾਇਕ ਕੇਡੀ ਭੰਡਾਰੀ, ਮਨੋਰੰਜਨ ਕਾਲੀਆ, ਸ਼ੀਤਲ ਅੰਗੂਰਾਲ, ਰਾਜਿੰਦਰ ਬੇਰੀ, ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਪ੍ਰਧਾਨ ਵਿਪਨ ਸੱਭਰਵਾਲ ਵੀ ਪੁੱਜ ਗਏ। ਉਨ੍ਹਾਂ ਨੇ ਪਹਿਲਾਂ ਮੈਦਾਨ ਦੇ ਬਾਹਰ ਗੋਪਾਲ ਨਗਰ ਰੋਡ 'ਤੇ ਧਰਨਾ ਲਾ ਦਿੱਤਾ ਜੋ ਕਰੀਬ 11 ਵਜੇ ਤੱਕ ਜਾਰੀ ਰਿਹਾ। ਇਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਨੇ ਪਟੇਲ ਚੌਕ ’ਚ ਟੈਂਟ ਲਾ ਕੇ ਧਰਨਾ ਲਾ ਦਿੱਤਾ। ਇਸ ਦੌਰਾਨ ਪਟੇਲ ਚੌਕ ’ਚ ਟ੍ਰੈਫਿਕ ਡਾਇਵਰਟ ਕਰਨਾ ਪਿਆ, ਜਦੋਂ ਕਿ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼੍ਰੀ ਹਨੂੰਮਾਨ ਚਾਲੀਸਾ ਦੇ ਪਾਠ ਦਾ ਉੱਚਾਰਣ ਕਰਨ ਦੇ ਨਾਲ-ਨਾਲ ਜੈ ਸ਼੍ਰੀ ਰਾਮ ਦੇ ਜੈਕਾਰੇ ਲਾਏ। ਨੁਮਾਇੰਦਿਆਂ ਦਾ ਕਹਿਣਾ ਸੀ ਕਿ ਧਾਰਮਿਕ ਸਮਾਗਮ ’ਚ ਪ੍ਰਸ਼ਾਸਕੀ ਵਿਘਨ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇ ਪ੍ਰਵਾਨਗੀ ਲੈਣ ’ਚ ਕੋਈ ਖਾਮੀ ਸੀ ਤਾਂ ਪ੍ਰਸ਼ਾਸਨ ਨੂੰ ਪਹਿਲਾਂ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਸੀ। ਪੁਲਿਸ ਅਧਿਕਾਰੀਆਂ ਦੇ ਸੱਦੇ ਮਗਰੋਂ ਉਹ ਪੁਲਿਸ ਡਵੀਜ਼ਨ-2 ਪਹੁੰਚੇ ਤਾਂ ਪੁਲਿਸ ਨੇ ਸੰਸਥਾ ਕੋਲ ਪੁਲਿਸ ਵਿਭਾਗ ਦੀ ਇਜਾਜ਼ਤ ਨਾ ਹੋਣ ਦਾ ਤਰਕ ਦੇ ਦਿੱਤਾ। ਇਸ 'ਤੇ ਸੰਸਥਾ ਦੇ ਨੁਮਾਇੰਦਿਆਂ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਰਲ ਕੇ ਪ੍ਰੋਗਰਾਮ ਦੀ ਇਜਾਜ਼ਤ ਲਈ।
---
ਮੈਨੂੰ ਅਜਿਹੀ ਪੁਲਿਸ ਸੁਰੱਖਿਆ ਨਹੀਂ ਲੋੜ ਨਹੀਂ : ਅਰੋੜਾ
ਇਸ ਬਾਰੇ ਸ਼੍ਰੀ ਕਸ਼ਟ ਨਿਵਾਰਣ ਬਾਲਾਜੀ ਮੰਦਰ ਦੇ ਮੁੱਖ ਸੇਵਾਦਾਰ ਤੇ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਇਸ ਘਟਨਾ ਦੇ ਰੋਸ ਵਜੋਂ ਹੀ ਉਨ੍ਹਾਂ ਨੇ ਆਪਣੀ ਸੁਰੱਖਿਆ ਵਾਪਸ ਕੀਤੀ ਹੈ, ਜਿਸ ਪੁਲਿਸ ਨੇ ਇਸ ਪਵਿੱਤਰ ਧਾਰਮਿਕ ਪ੍ਰੋਗਰਾਮ ’ਚ ਵਿਘਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੂੰ ਉਸ ਦੀ ਸੁਰੱਖਿਆ ਦੀ ਕੋਈ ਲੋੜ ਨਹੀਂ।
---
ਹਸਪਤਾਲ ਤੋਂ ਸਿੱਧਾ ਧਰਨੇ ’ਚ ਪੁੱਜੀ ਮਹਿਲਾ ਸ਼ਰਧਾਲੂ
ਪੱਥਰੀ ਦੇ ਇਲਾਜ ਕਰਵਾ ਰਹੀ ਅਨੀਤਾ ਕਪੂਰ ਬਾਂਹ ਤੋਂ ਡ੍ਰਿਪ ਲਾਹ ਕੇ ਹਿੰਦੂ ਜਥੇਬੰਦੀਆਂ ਦੇ ਧਰਨੇ ’ਚ ਪੁੱਜ ਗਈ। ਉਨ੍ਹਾਂ ਨੇ ਕਿਹਾ ਕਿ ਟੀਚਾ ਸਿਰਫ਼ ਸਨਾਤਨ ਲਈ ਸੇਵਾਵਾਂ ਦੇਣਾ ਹੈ। ਅਜਿਹੇ ’ਚ ਹਿੰਦੂਆਂ ਦੇ ਧਾਰਮਿਕ ਪ੍ਰੋਗਰਾਮ ’ਚ ਕਿਸੇ ਵੀ ਤਰ੍ਹਾਂ ਦਾ ਵਿਘਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
---
ਸਵੇਰੇ ਚੰਡੀਗੜ੍ਹ ਪੁੱਜੇ ਵਿਧਾਇਕ
ਸ਼੍ਰੀ ਬਾਲਾਜੀ ਦੇ ਸੰਕੀਰਤਨ ’ਚ ਪ੍ਰਸ਼ਾਸਨ ਵੱਲੋਂ ਵਿਘਨ ਪਾਉਣ ਦੇ ਵਿਰੋਧ ’ਚ ਵਿਧਾਇਕ ਰਮਨ ਅਰੋੜਾ ਵੀਰਵਾਰ ਨੂੰ ਸਵੇਰੇ ਚੰਡੀਗੜ੍ਹ ਪੁੱਜੇ ਗਏ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੀ ਕਾਰਵਾਈ ਦੇ ਵਿਰੋਧ ’ਚ ਵਿਧਾਇਕ ਨੇ ਹਾਈ ਕੋਰਟ ’ਚ ਰਿਟ ਫਾਈਲ ਕਰ ਦਿੱਤੀ ਸੀ।
---
ਸ਼ਿਕਾਇਤਕਰਤਾ ਬਣਿਆ ਰਹੱਸ
ਹਲਕਾ ਸੈਂਟਰਲ ਦੇ ਏਸੀਪੀ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ’ਚ ਉਨ੍ਹਾਂ ਨੇ ਕਿਹਾ ਕਿ ਸੰਸਥਾ ਕੋਲ ਪੁਲਿਸ ਦੀ ਆਗਿਆ ਨਹੀਂ ਸੀ। ਜਦੋਂ ਉਨ੍ਹਾਂ ਨੂੰ ਸ਼ਿਕਾਇਤਕਰਤਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਸੇ ਸੁਰਿੰਦਰ ਦਾ ਨਾਂ ਲਿਆ। ਹੁਣ ਸੁਰਿੰਦਰ ਕੌਣ ਹੈ, ਇਸ ਦੀ ਜਾਣਕਾਰੀ ਕਿਸੇ ਕੋਲ ਵੀ ਨਹੀਂ ਸੀ।
---
ਵਿਧਾਇਕ ਦੇ ਸਿਆਸੀ ਕੱਦ ਨੂੰ ਲੈ ਕੇ ਰਹੀ ਚਰਚਾ
ਸ਼੍ਰੀ ਬਾਲਾਜੀ ਦਾ ਸੰਕੀਰਤਨ ਭਾਵੇਂ ਸ਼੍ਰੀ ਕਸ਼ਟ ਨਿਵਾਰਣ ਬਾਲਾਜੀ ਮੰਦਰ ਵੱਲੋਂ ਕਰਵਾਇਆ ਗਿਆ ਸੀ ਪਰ ਇਸ ਦੇ ਮੁੱਖ ਪ੍ਰਬੰਧ ਸੰਸਥਾ ਦੇ ਪ੍ਰਧਾਨ ਤੇ ਵਿਧਾਇਕ ਰਮਨ ਅਰੋੜਾ ਸਨ। ਅਜਿਹੇ ’ਚ ਇਸ ਪ੍ਰੋਗਰਾਮ ’ਚ ਪ੍ਰਸ਼ਾਸਨ ਵੱਲੋਂ ਵਿਘਨ ਪੈਦਾ ਕਰਨ ਦੇ ਬਾਅਦ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਤੇ ਸ਼ਹਿਰ ਵਾਸੀਆਂ ਦੇ ਭਾਰੀ ਸਮਰਥਨ ਨਾਲ ਵਿਧਾਇਕ ਦੇ ਸਿਆਸੀ ਕੱਦ ਨੂੰ ਲੈ ਕੇ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ।
---
ਲਾਈਵ ਹੋ ਕੇ ਦੇਸ਼ ਵਾਸੀਆਂ ਨੂੰ ਦਿੱਤਾ ਸੱਦਾ
ਉੱਧਰ, ਘਟਨਾਕ੍ਰਮ ਮਗਰੋਂ ਦੁਪਹਿਰ ਫਿਰ ਭਜਨ ਗਾਇਕ ਘਨੱਈਆ ਮਿੱਤਲ ਨੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਦੇਸ਼ ਵਾਸੀਆਂ ਨੂੰ ਇਸ ਸੰਕੀਰਤਨ ਦਾ ਸੱਦਾ ਦਿੱਤਾ।