ਝੰਡੇ ਦੀ ਰਸਮ ਨਾਲ ਸਾਲਾਨਾ 18ਵਾਂ ਸਾਲਾਨਾ ਉਰਸ ਸ਼ੁਰੂ ਹੋਇਆ, ਜਿਸ ’ਚ ਮਸ਼ਹੂਰ ਗਾਇਕ ਗੁਰਦਾਸ ਮਾਨ ਅੱਜ ਹਾਜ਼ਰੀ ਲਗਾਉਣਗੇ
ਝੰਡੇ ਦੀ ਰਸਮ ਨਾਲ ਸਲਾਨਾ 18ਵਾਂ ਸਾਲਾਨਾ ਉਰਸ ਸ਼ੁਰੂ ਹੋਇਆ, ਜਿਸ ’ਚ ਮਸ਼ਹੂਰ ਗਾਇਕ ਗੁਰਦਾਸ ਮਾਨ ਅੱਜ ਹਾਜ਼ਰੀ ਲਗਾਉਣਗੇ
Publish Date: Fri, 01 May 2026 09:30 PM (IST)
Updated Date: Fri, 01 May 2026 09:32 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਬੱਸ ਸਟੈਂਡ ਤੋਂ ਡੇਰਾ ਬਾਬਾ ਮੁਰਾਦਸ਼ਾਹ ਵੱਲ ਜਾਣ ਵਾਲੇ ਸਾਰੇ ਰਸਤੇ ਰੌਸ਼ਨੀ ਤੇ ਸਜੇ ਬਾਜ਼ਾਰਾਂ ਨਾਲ ਰੰਗੇ ਹੋਏ ਸਨ। ਸ਼ਰਧਾਲੂਆਂ ਦੀ ਭੀੜ ਨੇ ਪੂਰੇ ਇਲਾਕੇ ਨੂੰ ਮੇਲੇ ਦਾ ਰੂਪ ਦੇ ਦਿੱਤਾ ਸੀ। ਡੇਰੇ ‘ਚ ਪੁੱਜਣ ਤੋਂ ਪਹਿਲਾਂ ਹੀ ਲੱਗੇ ਬੈਰੀਕੇਡਸ ਅਤੇ ਵੱਖ-ਵੱਖ ਥਾਵਾਂ ‘ਤੇ ਕੀਤੀ ਗਈ ਪਾਰਕਿੰਗ ਦੀ ਵਿਵਸਥਾ ਨੇ ਪ੍ਰਬੰਧਾਂ ਨੂੰ ਸੁਚੱਜਾ ਬਣਾਇਆ। ਰਸਤੇ ਵਿਚ ਜਗ੍ਹਾ-ਜਗ੍ਹਾ ਲੱਗੇ ਲੰਗਰਾਂ ਦਾ ਆਨੰਦ ਮਾਣਦੇ ਹੋਏ ਸ਼ਰਧਾਲੂ ਪਵਿੱਤਰ ਅਸਥਾਨ ਵੱਲ ਵਧ ਰਹੇ ਸਨ। ਇਹ ਮੌਕਾ ਸੀ ਨਕੋਦਰ ਵਿਖੇ ਸਥਿਤ ਡੇਰਾ ਬਾਬਾ ਮੁਰਾਦ ਸ਼ਾਹ ‘ਚ ਮਨਾਏ ਜਾ ਰਹੇ ਸਾਈਂ ਗੁਲਾਮ ਸ਼ਾਹ ਜੀ ਦੇ ਦੋ ਦਿਨਾਂ ਸਾਲਾਨਾ ਉਰਸ ਦਾ। ਗਰਮੀ ਦੇ ਬਾਵਜੂਦ ਸ਼ਰਧਾਲੂਆਂ ਦੀ ਆਸਥਾ ‘ਚ ਕੋਈ ਘਾਟ ਨਹੀਂ ਸੀ। ਡੇਰਾ ਬਾਬਾ ਮੁਰਾਦ ਸ਼ਾਹ ਜੀ ਟਰੱਸਟ ਦੇ ਚੇਅਰਮੈਨ ਤੇ ਗਾਇਕ ਗੁਰਦਾਸ ਮਾਨ ਨੇ ਕਮੇਟੀ ਮੈਂਬਰਾ ਤੇ ਸ਼ਰਧਾਲੂਆਂ ਨਾਲ ਮਿਲ ਕੇ ਝੰਡੇ ਦੀ ਰਸਮ ਅਦਾ ਕੀਤੀ। ਇਸ ਮੌਕੇ ਪੂਰਾ ਇਲਾਕਾ ਬਾਬਾ ਮੁਰਾਦ ਸ਼ਾਹ ਤੇ ਸਾਈਂ ਗੁਲਾਮ ਸ਼ਾਹ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਡੇਰੇ ‘ਚ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਇਹ ਮੇਲਾ ਸ਼ਨਿਚਰਵਾਰ ਨੂੰ ਵੀ ਜਾਰੀ ਰਹੇਗਾ, ਜਿਸ ਦੌਰਾਨ ਗੁਰਦਾਸ ਮਾਨ ਮੰਚ ’ਤੇ ਹਾਜ਼ਰੀ ਲਗਾਉਣਗੇ। “ਨ-ਕੋ-ਦਰ” ਦਾ ਅਰਥ ਹੈ ਕਿ ਅਜਿਹਾ ਦਰਬਾਰ ਹੋਰ ਕਿਤੇ ਨਹੀਂ ਅਤੇ ਇਹ ਗੱਲ ਸੱਚ ਵੀ ਲੱਗਦੀ ਹੈ ਕਿਉਂਕਿ ਇੱਥੇ ਹਰ ਧਰਮ ਦੇ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ। ਨਕੋਦਰ , ਜੋ ਕਿ ਜਲੰਧਰ ਤੋਂ ਲਗਭਗ 25 ਕਿੱਲੋਮੀਟਰ ਦੂਰ ਸਥਿਤ ਹੈ, ਇੱਕ ਅਜਿਹਾ ਸੂਫ਼ੀਆਨਾ ਦਰਬਾਰ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਭਾਈਚਾਰੇ ਅਤੇ ਸਾਂਝੀ ਸੱਭਿਆਚਾਰ ਦਾ ਪ੍ਰਤੀਕ ਬਣਦੇ ਹਨ। ਡੇਰੇ ਦਾ ਇਤਿਹਾਸ ਆਜ਼ਾਦੀ ਤੋਂ ਪਹਿਲਾਂ ਦਾ ਹੈ ਅਤੇ ਹਰ ਸਾਲ ਇੱਥੇ ਦੋ ਦਿਨਾਂ ਦਾ ਉਰਸ ਮਨਾਇਆ ਜਾਂਦਾ ਹੈ। ਸਾਲ ਭਰ ਵੀ ਇੱਥੇ ਸ਼ਰਧਾਲੂ ਆਪਣੀਆਂ ਮੰਨਤਾਂ ਮੰਗਣ ਅਤੇ ਮੱਥਾ ਟੇਕਣ ਲਈ ਆਉਂਦੇ ਹਨ। ਮੰਨਤ ਪੂਰੀ ਹੋਣ ‘ਤੇ ਲੋਕ ਬੈਂਡ-ਵਾਜਿਆਂ ਨਾਲ ਧੰਨਵਾਦ ਕਰਨ ਲਈ ਮੁੜ ਆਉਂਦੇ ਹਨ। ਉਰਸ ਦੇ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪੁੱਜੇ ਹਨ। ਸ਼ੁੱਕਰਵਾਰ ਰਾਤ ਨੂੰ ਮਹਿਫ਼ਲ-ਏ-ਕੱਵਾਲੀ ਕਰਵਾਈ, ਜਿਸ ’ਚ ਕਰਾਮਤ ਅਲੀ ਮਲੇਰਕੋਟਲਾ ਵਾਲਿਆਂ ਨੇ ਹਾਜ਼ਰੀ ਲਗਾਈ। ਇਸ ਤੋਂ ਬਾਅਦ ਹੋਰ ਪ੍ਰਸਿੱਧ ਸੂਫ਼ੀ ਗਾਇਕਾਂ ਨੇ ਵੀ ਕੱਵਾਲੀਆਂ ਰਾਹੀਂ ਸੰਗਤ ਨੂੰ ਰੂਹਾਨੀ ਮਾਹੌਲ ’ਚ ਰੰਗ ਦਿੱਤਾ।