ਫੈਸ਼ਨ ਸਟੋਰ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਜੰਡਿਆਲਾ ਮੰਜਕੀ ਦੇ ਮੇਨ ਬਾਜ਼ਾਰ ’ਚ ਫੈਸ਼ਨ ਸਟੋਰ 'ਚ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਖਾਕ
Publish Date: Mon, 27 Apr 2026 06:25 PM (IST)
Updated Date: Mon, 27 Apr 2026 06:28 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਅੱਜ ਤੜਕੇ ਸਵੇਰੇ ਕਰੀਬ 4 ਵਜੇ ਪਿੰਡ ਜੰਡਿਆਲਾ ਮੰਜਕੀ ਦੇ ਮੇਨ ਬਾਜ਼ਾਰ ’ਚ ਸਥਿਤ ਹਰੀਓਮ ਫੈਸ਼ਨ ਸਟੋਰ ’ਚ ਅਚਾਨਕ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਚਾਰ ਮੰਜ਼ਲਾ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਤੇ ਸ਼ੋਅਰੂਮ ’ਚ ਪਿਆ ਤਕਰੀਬਨ ਸਾਰਾ ਸਾਮਾਨ ਸੜ ਕੇ ਖਾਕ ਹੋ ਗਿਆ। ਦੁਕਾਨ ’ਚੋਂ ਇਕ ਰੁਪਏ ਦਾ ਸਮਾਨ ਵੀ ਬਚ ਨਹੀਂ ਸਕਿਆ। ਦੁਕਾਨ ਦੇ ਮਾਲਕ ਦਵਿੰਦਰ ਕੁਮਾਰ ਵਾਸੀ ਅਜੀਤ ਨਗਰ ਜਲੰਧਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 5 ਵਜੇ ਦੁਕਾਨ ਦੇ ਸਾਹਮਣੇ ਰਹਿਣ ਵਾਲੇ ਵਿਅਕਤੀ ਵੱਲੋਂ ਅੱਗ ਲੱਗਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਦੋ ਲੋਕਲ ਫਾਇਰ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਕਾਫੀ ਜਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਤੇ ਦੁਕਾਨਦਾਰ ਭਾਈਚਾਰੇ ’ਚ ਵੀ ਚਿੰਤਾ ਦੇਖੀ ਜਾ ਰਹੀ ਹੈ। ਅੰਦਾਜ਼ੇ ਅਨੁਸਾਰ ਲਗਭਗ ਇਕ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ।