41.8 ਡਿਗਰੀ ਸੈਲਸੀਅਸ ਤਕ ਪੁੱਜਾ ਤਾਪਮਾਨ, ਚੱਲੀ ਲੂ, ਅੱਜ ਤੇ ਕੱਲ੍ਹ ਮੀਂਹ ਲਈ ਯੈਲੋ ਅਲਰਟ
41.8 ਡਿਗਰੀ ਸੈਲਸੀਅਸ ਤਾਪਮਾਨ ਦਰਜ, ਲੂ ਚੱਲੀ, ਅੱਜ ਤੇ ਕੱਲ੍ਹ ਮੀਂਹ ਲਈ ਯੈਲੋ ਅਲਰਟ
Publish Date: Mon, 27 Apr 2026 10:16 PM (IST)
Updated Date: Mon, 27 Apr 2026 10:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਾਨਗਰ ’ਚ ਸੋਮਵਾਰ ਸਵੇਰੇ ਤੋਂ ਹੀ ਮੌਸਮ ਸਾਫ ਰਿਹਾ। ਦਿਨ ਚੜ੍ਹਦੇ ਹੀ ਤਿੱਖੀ ਧੁੱਪ ਦਾ ਅਸਰ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਸੀ। ਦੁਪਹਿਰ 12 ਤੋਂ 3 ਵਜੇ ਤੱਕ ਤੇਜ਼ ਲੂ ਚੱਲੀ ਅਤੇ ਲੋਕ ਗਰਮ ਹਵਾਵਾਂ ਦੇ ਝੋਕੇ ਸਹਿੰਦੇ ਰਹੇ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 41.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਦੇ ਸਮੇਂ ਵੀ ਗਰਮੀ ’ਚ ਵਾਧਾ ਮਹਿਸੂਸ ਹੋਇਆ, ਜਿਸ ਕਾਰਨ ਘੱਟੋ-ਘੱਟ ਤਾਪਮਾਨ 21.4 ਡਿਗਰੀ ਸੈਲਸੀਅਸ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਮੰਗਲਵਾਰ ਤੇ ਬੁੱਧਵਾਰ ਲਈ ਤੇਜ਼ ਹਵਾਵਾਂ, ਗਰਜ-ਚਮਕ ਨਾਲ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਨਾਲ ਧੂੜ ਭਰੀਆਂ ਹਨੇਰੀਆਂ ਬਣ ਸਕਦੀਆਂ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਦਿੱਕਤ ਆ ਸਕਦੀ ਹੈ। ਜੇਕਰ ਇਹ ਪੂਰਵ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਕਮੀ ਵੀ ਆ ਸਕਦੀ ਹੈ। ਇਸ ਦਾ ਅਸਰ ਆਉਣ ਵਾਲੇ ਦਿਨਾਂ ’ਚ ਵੀ ਕੁਝ ਹੱਦ ਤੱਕ ਰਹਿ ਸਕਦਾ ਹੈ। ਹਾਲਾਂਕਿ ਬਾਅਦ ’ਚ ਫਿਰ ਤਿੱਖੀ ਧੁੱਪ ਨਿਕਲਣ ਨਾਲ ਤਾਪਮਾਨ ਵਿੱਚ ਮੁੜ ਵਾਧਾ ਦੇਖਿਆ ਜਾ ਸਕਦਾ ਹੈ। ਚਿਲਚਿਲਾਤੀ ਧੁੱਪ ਨੇ ਲੋਕਾਂ ਲਈ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ। ਸੜਕਾਂ ’ਤੇ ਨਿਕਲੇ ਲੋਕ ਆਪਣੇ ਆਪ ਨੂੰ ਕੱਪੜਿਆਂ ਨਾਲ ਢੱਕ ਕੇ ਗਰਮੀ ਤੋਂ ਬਚਦੇ ਨਜ਼ਰ ਆਏ, ਕਿਸੇ ਨੇ ਅੱਖਾਂ ’ਤੇ ਚਸ਼ਮਾ ਲਾ ਕੇ ਤੇਜ਼ ਰੌਸ਼ਨੀ ਤੋਂ ਰਾਹਤ ਲੈਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਕੋਲ ਢੱਕਣ ਦਾ ਕੋਈ ਸਾਧਨ ਨਹੀਂ ਸੀ, ਉਹ ਹੱਥਾਂ ਤੇ ਫਾਈਲਾਂ ਦੇ ਸਹਾਰੇ ਅੱਖਾਂ ਨੂੰ ਬਚਾਉਂਦੇ ਦਿਸੇ। ਤਪਸ਼ ਇੰਨੀ ਤੇਜ਼ ਸੀ ਕਿ ਇਕ ਪਲ ਲਈ ਵੀ ਅੱਖਾਂ ਉੱਪਰ ਚੁੱਕਣਾ ਚੁਣੌਤੀ ਬਣ ਗਿਆ।