ਗਾਂਧੀ ਵਨੀਤਾ ਆਸ਼ਰਮ ’ਚ ਕੁੜੀ ਦੀ ਮੌਤ, ਪੋਸਟਮਾਰਟਮ ਰਿਪੋਰਟ ’ਚ 21 ਸੱਟਾਂ ਦੇ ਨਿਸ਼ਾਨ
ਗਾਂਧੀ ਵਨੀਤਾ ਆਸ਼ਰਮ ’ਚ ਕਿਸ਼ੋਰੀ ਦੀ ਮੌਤ, ਪੋਸਟਮਾਰਟਮ ਰਿਪੋਰਟ ’ਚ ਸਰੀਰ ’ਤੇ 21 ਸੱਟਾਂ ਦੇ ਨਿਸ਼ਾਨ
Publish Date: Tue, 20 Jan 2026 10:49 PM (IST)
Updated Date: Tue, 20 Jan 2026 10:51 PM (IST)

-ਮੌਤ ਦੇ ਕਾਰਨ ’ਤੇ ਭੰਬਲਭੂਸਾ ਕਾਇਮ, ਜਾਂਚ ਰਿਪੋਰਟਾਂ ਦੀ ਉਡੀਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਸਥਿਤ ਚਿਲਡਰਨ ਹੋਮ ’ਚ ਰਹਿ ਰਹੀ 17 ਸਾਲਾ ਕੁੜੀ ਦੀ ਮੌਤ ਦੇ ਮਾਮਲੇ ’ਚ ਪੋਸਟਮਾਰਟਮ ਰਿਪੋਰਟ ਨੇ ਕਈ ਅਹਿਮ ਤੱਥ ਸਾਹਮਣੇ ਲਿਆਂਦੇ ਹਨ। ਰਿਪੋਰਟ ਮੁਤਾਬਕ ਕੁੜੀ ਦੇ ਸਰੀਰ ’ਤੇ ਕੁੱਲ 21 ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਿਸ ਕਾਰਨ ਇਸ ਮੌਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਹਾਲਾਂਕਿ ਹਾਲੇ ਤੱਕ ਮੌਤ ਦੇ ਸਪੱਸ਼ਟ ਕਾਰਨ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਤੇ ਆਖ਼ਰੀ ਨਤੀਜਾ ਰਸਾਇਣਿਕ ਤੇ ਹਿਸਟੋਪੈਥੋਲੋਜੀ ਰਿਪੋਰਟਾਂ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਰਹਿਣ ਵਾਲੀ ਇਹ ਨਾਬਾਲਿਗ ਕੁੜੀ 19 ਨਵੰਬਰ 2025 ਨੂੰ ਗਾਂਧੀ ਵਨੀਤਾ ਆਸ਼ਰਮ ਸਥਿਤ ਚਿਲਡਰਨ ਹੋਮ ਪੁੱਜੀ ਸੀ। ਆਸ਼ਰਮ ’ਚ ਆਉਣ ਤੋਂ ਸਿਰਫ ਦੋ ਦਿਨ ਬਾਅਦ 21 ਨਵੰਬਰ ਦੀ ਰਾਤ ਨੂੰ ਉਹ ਆਸ਼ਰਮ ਦੇ ਬਾਥਰੂਮ ’ਚ ਬੇਹੋਸ਼ੀ ਦੀ ਹਾਲਤ ’ਚ ਮਿਲੀ। ਆਸ਼ਰਮ ਪ੍ਰਸ਼ਾਸਨ ਵੱਲੋਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਦਿੱਤਾ ਸੀ। ------------------- ਪੋਸਟਮਾਰਟਮ ਰਿਪੋਰਟ ’ਚ 21 ਸੱਟਾਂ ਦਾ ਖੁਲਾਸਾ ਕੁੜੀ ਦੀ ਮੌਤ ਤੋਂ ਬਾਅਦ ਕਰਵਾਏ ਗਏ ਪੋਸਟਮਾਰਟਮ ਦੌਰਾਨ ਕਈ ਗੰਭੀਰ ਸੱਟਾਂ ਦੇ ਨਿਸ਼ਾਨ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਸਰੀਰ ’ਤੇ 5 ਜ਼ਖ਼ਮ, 11 ਖਰੋਚਾਂ ਤੇ ਕਈ ਡੂੰਘੇ ਨੀਲੇ ਨਿਸ਼ਾਨ ਦਰਜ ਕੀਤੇ ਗਏ ਹਨ। ਇਹ ਸੱਟਾਂ ਖੱਬੀ ਅੱਖ, ਪੈਰ, ਪੇਟ, ਪਿੱਠ, ਮੋਢੇ, ਬਾਂਹਾਂ ਤੇ ਕਮਰ ਸਮੇਤ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਮਿਲੀਆਂ ਹਨ। ਇਸ ਤੋਂ ਇਲਾਵਾ ਉਂਗਲੀਆਂ, ਹੱਥਾਂ ਤੇ ਪੈਰਾਂ ’ਤੇ ਕੱਟਾਂ ਦੇ ਜ਼ਖ਼ਮ ਵੀ ਦਰਜ ਕੀਤੇ ਗਏ ਹਨ, ਜਦਕਿ ਪੇਟ ਦੇ ਹਿੱਸੇ ’ਚ ਡੂੰਘੇ ਨੀਲੇ ਨਿਸ਼ਾਨ ਪਾਏ ਗਏ ਹਨ। ਪੋਸਟਮਾਰਟਮ ’ਚ ਮਿਲੀਆਂ ਇਨ੍ਹਾਂ ਸੱਟਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਬੇਰਹਿਮੀ ਨਾਲ ਕੁੱਟਮਾਰ ਹੋਈ ਸੀ। -=------------------ ਦੋ ਰਿਪੋਰਟਾਂ ਰਿਪੋਰਟਾਂ ਦੀ ਉਡੀਕ ਪੋਸਟਮਾਰਟਮ ਰਿਪੋਰਟ ’ਚ ਇਸ ਵੇਲੇ ਮੌਤ ਦਾ ਕਾਰਨ ਸਪਸ਼ਟ ਨਹੀਂ ਕੀਤਾ ਗਿਆ ਹੈ। ਡਾਕਟਰਾਂ ਨੇ ਵਿਸਰਾ ਨੂੰ ਰਸਾਇਣਿਕ ਜਾਂਚ ਲਈ ਖਰੜ ਭੇਜ ਦਿੱਤਾ ਹੈ, ਜਦਕਿ ਹਿਸਟੋਪੈਥੋਲੋਜੀ ਰਿਪੋਰਟ ਗਵਰਨਮੈਂਟ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਆਉਣੀ ਬਾਕੀ ਹੈ। ਦੋਵਾਂ ਰਿਪੋਰਟਾਂ ਆਉਣ ਤੋਂ ਬਾਅਦ ਹੀ ਇਹ ਸਾਫ਼ ਹੋ ਸਕੇਗਾ ਕਿ ਮੌਤ ਕਿਹੜੇ ਕਾਰਨਾਂ ਕਰ ਕੇ ਹੋਈ। ------------------------ ਐੱਸਡੀਐੱਮ ਨੂੰ ਸੌਂਪੀ ਗਈ ਜਾਂਚ, ਰਿਪੋਰਟ ਅਜੇ ਬਾਕੀ ਇਸ ਮਾਮਲੇ ’ਚ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ 23 ਨਵੰਬਰ ਨੂੰ ਜਾਂਚ ਦੇ ਹੁਕਮ ਦਿੱਤੇ ਸਨ। ਇਹ ਜਾਂਚ ਐੱਸਡੀਐੱਮ ਜਲੰਧਰ ਨੂੰ ਸੌਂਪੀ ਗਈ ਹੈ, ਜੋ ਅਜੇ ਤੱਕ ਪੈਂਡਿੰਗ ਹੈ। ਡਵੀਜ਼ਨ ਨੰਬਰ 2 ਥਾਣੇ ਦੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸ਼ੋਰੀ ਦੀ ਮੌਤ ਦੀ ਸੂਚਨਾ ਆਸ਼ਰਮ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਸੀ, ਪਰ ਅਜੇ ਤੱਕ ਪਰਿਵਾਰ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਇਸ ਕਾਰਨ ਐੱਫਆਈਆਰ ਦਰਜ ਨਹੀਂ ਹੋ ਸਕੀ ਹੈ। ਹਾਲਾਂਕਿ ਮਾਮਲੇ ’ਚ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਚੁੱਕੀ ਹੈ। ------------------------- ਜਾਂਚ ਪੂਰੀ ਹੋਣ ’ਤੇ ਮਿਲਣਗੇ ਸਵਾਲਾਂ ਦੇ ਜਵਾਬ ਉੱਧਰ ਜਾਂਚ ਅਧਿਕਾਰੀ ਐੱਸਡੀਐੱਮ ਸ਼ਾਇਰੀ ਮਲਹੋਤਰਾ ਦਾ ਕਹਿਣਾ ਹੈ ਕਿ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਜਾਂਚ ਪੂਰੀ ਕਰਕੇ ਰਿਪੋਰਟ ਸੌਂਪ ਦਿੱਤੀ ਜਾਵੇਗੀ। ਪੂਰੀ ਜਾਂਚ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਕਿਸ਼ੋਰੀ ਦੀ ਮੌਤ ਇਕ ਹਾਦਸਾ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ।