ਬਦਲੀਆਂ ਦੀ ਪ੍ਰਕਿਰਿਆ ਲਟਕਣ ਕਾਰਨ ਅਧਿਆਪਕਾਂ 'ਚ ਤਿੱਖਾ ਰੋਸ, 3704 ਅਧਿਆਪਕ ਯੂਨੀਅਨ ਨੇ ਸਰਕਾਰ ਨੂੰ ਦਿੱਤੀ ਤਿੱਖੇ ਸੰਘਰਸ਼ ਦੀ ਚਿਤਾਵਨੀ
ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੀ ਅਧਿਆਪਕ ਬਦਲੀ ਨੀਤੀ ਨੂੰ ਲੈ ਕੇ 3704 ਅਧਿਆਪਕ ਯੂਨੀਅਨ ਪੰਜਾਬ ਨੇ ਗੰਭੀਰ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਅੱਧਾ ਸਾਲ ਬੀਤ ਜਾਣ ਦੇ ਬਾਵਜੂਦ ਬਦਲੀਆਂ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਅਧਿਆਪਕ ਵਰਗ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਭਾਗ ਨੇ ਤੁਰੰਤ ਇਸ ਪ੍ਰਕਿਰਿਆ ਨੂੰ ਨੇਪਰੇ ਨਾ ਚਾੜ੍ਹਿਆ ਤਾਂ ਉਹ ਤਿੱਖੇ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ।
Publish Date: Wed, 20 May 2026 12:16 PM (IST)
Updated Date: Wed, 20 May 2026 12:28 PM (IST)

ਜਲੰਧਰ : ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੀ ਅਧਿਆਪਕ ਬਦਲੀ ਨੀਤੀ ਨੂੰ ਲੈ ਕੇ 3704 ਅਧਿਆਪਕ ਯੂਨੀਅਨ ਪੰਜਾਬ ਨੇ ਗੰਭੀਰ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਅੱਧਾ ਸਾਲ ਬੀਤ ਜਾਣ ਦੇ ਬਾਵਜੂਦ ਬਦਲੀਆਂ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਅਧਿਆਪਕ ਵਰਗ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਭਾਗ ਨੇ ਤੁਰੰਤ ਇਸ ਪ੍ਰਕਿਰਿਆ ਨੂੰ ਨੇਪਰੇ ਨਾ ਚਾੜ੍ਹਿਆ ਤਾਂ ਉਹ ਤਿੱਖੇ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ।
ਨੀਤੀਆਂ ਦੇ ਉਲਟ ਜਾ ਰਿਹਾ ਸਿੱਖਿਆ ਵਿਭਾਗ: ਹਰਜਿੰਦਰ ਸਿੰਘ
ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਆਨਲਾਈਨ ਬਦਲੀ ਨੀਤੀ ਮੁਤਾਬਕ ਹਰ ਸਾਲ ਜਨਵਰੀ ਮਹੀਨੇ ਵਿੱਚ ਪੋਰਟਲ ਖੋਲ੍ਹ ਕੇ ਨਵੇਂ ਸੈਸ਼ਨ (ਅਪ੍ਰੈਲ) ਤੋਂ ਪਹਿਲਾਂ-ਪਹਿਲਾਂ ਬਦਲੀਆਂ ਦਾ ਕੰਮ ਮੁਕੰਮਲ ਹੋਣਾ ਚਾਹੀਦਾ ਹੈ। ਇਸ ਨਾਲ ਸਕੂਲਾਂ ਵਿੱਚ ਪੜ੍ਹਾਈ ਦਾ ਨੁਕਸਾਨ ਨਹੀਂ ਹੁੰਦਾ ਅਤੇ ਦੂਰ-ਦੁਰਾਡੇ ਬੈਠੇ ਅਧਿਆਪਕਾਂ ਨੂੰ ਵੀ ਰਾਹਤ ਮਿਲਦੀ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਪੋਰਟਲ ਖੋਲ੍ਹਣ ਦੇ ਬਾਵਜੂਦ ਵਿਭਾਗ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਇਸ ਪ੍ਰਕਿਰਿਆ ਨੂੰ ਲਮਕਾ ਰਿਹਾ ਹੈ।
ਪਰਿਵਾਰਾਂ ਤੋਂ ਦੂਰ, ਮਾਨਸਿਕ ਤੇ ਆਰਥਿਕ ਤਣਾਅ ਝੱਲ ਰਹੇ ਅਧਿਆਪਕ
ਸੂਬਾ ਆਗੂਆਂ ਨੇ ਦੱਸਿਆ ਕਿ ਅਨੇਕਾਂ ਅਧਿਆਪਕ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਬਾਰਡਰ ਦੇ ਜ਼ਿਲ੍ਹਿਆਂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਛੋਟੇ ਬੱਚਿਆਂ ਅਤੇ ਬਜ਼ੁਰਗ ਮਾਪਿਆਂ ਤੋਂ ਦੂਰ ਰਹਿਣ ਕਾਰਨ ਇਹ ਅਧਿਆਪਕ ਰੋਜ਼ਾਨਾ ਮਾਨਸਿਕ, ਪਰਿਵਾਰਕ ਅਤੇ ਆਰਥਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ। ਸਰਕਾਰ ਦੀ ਪਾਰਦਰਸ਼ੀ ਬਦਲੀ ਨੀਤੀ ਦਾ ਮਕਸਦ ਅਧਿਆਪਕਾਂ ਨੂੰ ਸਮੇਂ ਸਿਰ ਰਾਹਤ ਦੇਣਾ ਸੀ, ਪਰ ਮੌਜੂਦਾ ਹਾਲਾਤ ਇਸ ਦੇ ਬਿਲਕੁਲ ਉਲਟ ਹਨ।
ਅੰਗਰੇਜ਼ੀ ਦੇ ਵੱਧ ਤੋਂ ਵੱਧ ਸਟੇਸ਼ਨ ਖੋਲ੍ਹਣ ਦੀ ਮੰਗ
ਯੂਨੀਅਨ ਦੇ ਸੂਬਾ ਆਗੂਆਂ ਯਾਦਵਿੰਦਰ ਸਿੰਘ ਅਤੇ ਰਾਜੇਸ਼ਵਰ ਰਾਏ ਨੇ ਵਿਸ਼ੇਸ਼ ਤੌਰ 'ਤੇ ਮੰਗ ਕੀਤੀ ਕਿ ਕੀਤੇ ਗਏ ਵਾਅਦੇ ਅਨੁਸਾਰ ਅੰਗਰੇਜ਼ੀ ਵਿਸ਼ੇ ਦੇ ਵੱਧ ਤੋਂ ਵੱਧ ਸਟੇਸ਼ਨ ਖੋਲ੍ਹੇ ਜਾਣ, ਤਾਂ ਜੋ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਅੰਗਰੇਜ਼ੀ ਦੇ ਅਧਿਆਪਕਾਂ ਦੀ ਬਦਲੀ ਦਾ ਰਾਹ ਪੱਧਰਾ ਹੋ ਸਕੇ।
ਇਸ ਮੌਕੇ ਯੂਨੀਅਨ ਆਗੂਆਂ ਜਗਜੀਵਨਜੋਤ ਸਿੰਘ, ਦਵਿੰਦਰ ਕੁਮਾਰ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ, ਬਲਵੰਤ ਸਿੰਘ ਅਤੇ ਵਿਕਰਮ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਜੇਕਰ ਵਿਭਾਗ ਨੇ ਹੁਣ ਹੋਰ ਦੇਰੀ ਕੀਤੀ, ਤਾਂ ਕਿਸੇ ਵੀ ਤਰ੍ਹਾਂ ਦੇ ਤਿੱਖੇ ਪ੍ਰਦਰਸ਼ਨ ਅਤੇ ਸੰਘਰਸ਼ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੀ ਹੋਵੇਗੀ।