10ਵੀਂ ’ਚ ਤਨਾਇਆ ਤੇ ਹਰਸ਼ਿਤ, 12ਵੀਂ ’ਚ ਜੈਸਮੀਨ ਟਾਪਰ
ਦਸਵੀਂ ਵਿੱਚ ਤਨਾਇਆ ਤੇ ਹਰਸ਼ਿਤ, 12ਵੀਂ ’ਚ ਜੈਸਮੀਨ ਟਾਪਰ
Publish Date: Thu, 30 Apr 2026 10:41 PM (IST)
Updated Date: Thu, 30 Apr 2026 10:43 PM (IST)

-- ਆਈਸੀਐੱਸਈ ਦਸਵੀਂ ਤੇ ਆਈਐੱਸਸੀ 12ਵੀਂ ਦਾ ਨਤੀਜਾ ਐਲਾਨਿਆ ---ਸੇਂਟ ਜੋਸਫ ਗਰਲਜ਼ ਸਕੂਲ ਦੀ ਤਨਾਇਆ ਨੇ 99 ਫੀਸਦੀ ਅੰਕ ਹਾਸਲ ਕੀਤੇ ---ਸੇਂਟ ਜੋਸਫ ਕੋ-ਐਡ ਸਕੂਲ ਦੀ ਜੈਸਮੀਨ ਨੇ 12ਵੀਂ ਵਿੱਚ 94.75 ਫੀਸਦੀ ਅੰਕ ਪ੍ਰਾਪਤ ਕੀਤੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ (ਆਈਸੀਐੱਸਈ) ਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈਐੱਸਸੀ) ਦੇ ਨਤੀਜੇ ਜਾਰੀ ਹੋ ਗਏ ਹਨ। ਦਸਵੀਂ ਵਿੱਚ ਸੇਂਟ ਜੋਸਫ ਗਰਲਜ਼ ਸਕੂਲ ਕੈਂਟ ਰੋਡ ਦੀ ਵਿਦਿਆਰਥਣ ਤਨਾਇਆ ਅਤੇ ਸੇਂਟ ਫ੍ਰਾਂਸਿਸ ਕਾਨਵੈਂਟ ਸਕੂਲ ਕਰਤਾਰਪੁਰ ਦੇ ਹਰਸ਼ਿਤ ਬੱਧਣ ਨੇ 99 ਫੀਸਦੀ ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚ ਟਾਪ ਕੀਤਾ। ਇਸੇ ਤਰ੍ਹਾਂ ਸੇਂਟ ਜੋਸਫ ਕੋ-ਐਡ ਸਕੂਲ ਡਿਫੈਂਸ ਕਾਲੋਨੀ ਤੋਂ 12ਵੀਂ ਕਲਾਸ ਵਿੱਚ ਜੈਸਮੀਨ ਨੇ 94.75 ਫੀਸਦੀ ਨਾਲ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦਸਵੀਂ ਵਿਚ ਸੇਂਟ ਜੋਸਫ ਗਰਲਜ਼ ਸਕੂਲ ਦੀ ਸ਼੍ਰੇਆ ਸੋਨਿਕ ਨੇ 98.2 ਫੀਸਦੀ ਨਾਲ ਦੂਜਾ ਅਤੇ ਕ੍ਰਿਸ਼ਾ ਵਰਮਾ ਨੇ 98 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 12ਵੀਂ ਵਿੱਚ ਸੇਂਟ ਜੋਸਫ ਕੋ-ਐਡ ਸਕੂਲ ਡਿਫੈਂਸ ਕਾਲੋਨੀ ਦੇ ਦਾਨਿਸ਼ ਨੇ 92.5 ਫੀਸਦੀ ਨਾਲ ਦੂਜਾ ਤੇ ਸੁਹਾਨ ਨੇ 91.25 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਵਧੀਆ ਨਤੀਜੇ ਆਉਣ ‘ਤੇ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੁਸ਼ੀ ਝਲਕ ਰਹੀ ਹੈ ਤੇ ਸਕੂਲਾਂ ਵੱਲੋਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਜਿਹੜੇ ਵਿਦਿਆਰਥੀਆਂ ਨੂੰ ਆਪਣੇ ਨਤੀਜਿਆਂ ਨਾਲ ਸੰਤੁਸ਼ਟੀ ਨਹੀਂ ਹੈ, ਉਹ ਰੀ-ਚੈਕਿੰਗ ਅਤੇ ਇੰਪਰੂਵਮੈਂਟ ਲਈ ਅਰਜ਼ੀ ਦੇ ਸਕਦੇ ਹਨ। ਜੇ ਕੋਈ ਇੱਕ ਜਾਂ ਦੋ ਵਿਸ਼ਿਆਂ ਵਿੱਚ ਪਾਸ ਨਹੀਂ ਹੋਇਆ ਤਾਂ ਉਹ ਕੰਪਾਰਟਮੈਂਟ ਲਈ ਪਹਿਲੀ ਤੋਂ 4 ਮਈ ਤੱਕ ਅਰਜ਼ੀ ਕਰ ਸਕਦੇ ਹਨ। ਰੀ-ਚੈਕਿੰਗ ਲਈ ਹਰ ਵਿਸ਼ੇ ਦਾ 1000 ਰੁਪਏ ਫੀਸ ਹੋਵੇਗੀ। ਜੇ ਰੀ-ਚੈਕਿੰਗ ਤੋਂ ਬਾਅਦ ਵੀ ਅੰਕਾਂ ਨਾਲ ਸੰਤੁਸ਼ਟੀ ਨਾ ਹੋਵੇ ਤਾਂ ਰੀ-ਇਵੈਲੂਏਸ਼ਨ ਲਈ ਪ੍ਰਤੀ ਵਿਸ਼ਾ 1500 ਰੁਪਏ ਦੇਣੇ ਪੈਣਗੇ। ---------------------------------- ਪੜ੍ਹਾਈ ਦਾ ਕੋਈ ਤੈਅ ਸਮਾਂ ਨਹੀਂ ਰੱਖਿਆ, ਡਾਕਟਰ ਬਣਨਾ ਹੈ ਸੁਪਨਾ ਕਾਰੋਬਾਰੀ ਗੌਰਵ ਗੁਪਤਾ ਤੇ ਇਮੀਗ੍ਰੇਸ਼ਨ ਕੰਸਲਟੈਂਟ ਸੁਰਿਤੀ ਗੁਪਤਾ ਦੀ ਧੀ ਤਨਾਇਆ ਗੁਪਤਾ ਦਾ ਕਹਿਣਾ ਹੈ ਕਿ ਉਸ ਦਾ ਮਨਪਸੰਦ ਵਿਸ਼ਾ ਗਣਿਤ ਹੈ ਤੇ ਉਹ ਡਾਕਟਰ ਬਣਨਾ ਚਾਹੁੰਦੀ ਹੈ। ਇਸ ਲਈ ਉਸਨੇ ਕੈਂਬ੍ਰਿਜ ਸਕੂਲ ਵਿੱਚ 11ਵੀਂ ਕਲਾਸ ਵਿੱਚ ਸੁਪਰ ਮੈਡੀਕਲ ਸਟਰੀਮ ਚੁਣੀ ਹੈ। ਤਨਾਇਆ ਸਕੂਲ ਵਿੱਚ ਬੈਸਟ ਸਟੂਡੈਂਟ ਅਤੇ ਬੈਸਟ ਡਿਬੇਟਰ ਰਹੀ ਹੈ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇਨਾਮ ਅਤੇ ਮੈਡਲ ਜਿੱਤ ਚੁੱਕੀ ਹੈ। ਉਸਦਾ ਕਹਿਣਾ ਹੈ ਕਿ ਉਸਨੇ ਨਿਯਮਿਤ ਪੜ੍ਹਾਈ ਦੀ ਆਦਤ ਬਣਾਈ, ਜਿਸ ਵਿੱਚ ਕੋਈ ਫਿਕਸ ਸਮਾਂ ਨਹੀਂ ਰੱਖਿਆ। ਜਿੰਨਾ ਵੀ ਸਮਾਂ ਪੜ੍ਹਾਈ ਲਈ ਦਿੱਤਾ, ਉਹ ਪੂਰੀ ਲਗਨ ਨਾਲ ਕੀਤਾ। ਪ੍ਰੀਖਿਆ ਦੇ ਦਿਨਾਂ ਵਿੱਚ ਉਹ 7 ਤੋਂ 8 ਘੰਟੇ ਪੜ੍ਹਦੀ ਸੀ। ਸ਼ੁਰੂ ਤੋਂ ਪੜ੍ਹਾਈ ਦੀ ਆਦਤ ਕਾਰਨ ਜ਼ਿਆਦਾ ਦਿੱਕਤ ਨਹੀਂ ਆਈ ਅਤੇ ਉਸ ਨੂੰ ਉਮੀਦ ਸੀ ਕਿ ਇੰਨੇ ਅੰਕ ਆ ਜਾਣਗੇ। ਇੰਟਰਨੈੱਟ ਮੀਡੀਆ ਦਾ ਵੀ ਵਰਤੋਂ ਕੀਤੀ ਪਰ ਪ੍ਰੀਖਿਆ ਨੇੜੇ ਆਉਣ ’ਤੇ ਕੁਝ ਸਮੇਂ ਲਈ ਇਸ ਤੋਂ ਦੂਰ ਰਹੀ। -------------------- ਮੋਬਾਈਲ ਤੋਂ ਦੂਰ ਰਹਿ ਕੇ ਕੀਤੀ ਪੜ੍ਹਾਈ, ਵਿਗਿਆਨੀ ਬਣਨਾ ਚਾਹੁੰਦਾ ਹੈ ਹਰਸ਼ਿਤ ਹਰਸ਼ਿਤ ਦੇ ਪਿਤਾ ਬਲਵੀਰ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਰਾਹੋਬਾਲੀ ਵਿਚ ਅਧਿਆਪਕ ਹਨ ਅਤੇ ਮਾਤਾ ਬਲਵੀਰ ਕੌਰ ਘਰੇਲੂ ਔਰਤ ਹਨ। ਹਰਸ਼ਿਤ ਬੱਧਣ ਨੇ ਦੱਸਿਆ ਕਿ ਉਸਨੇ ਪ੍ਰੀਖਿਆ ਦੌਰਾਨ ਕਾਫੀ ਮਿਹਨਤ ਕੀਤੀ ਅਤੇ ਮੋਬਾਈਲ ਤੋਂ ਦੂਰ ਰਿਹਾ। ਉਸਨੇ ਕਿਹਾ ਕਿ ਹਰ ਵਿਸ਼ੇ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝਿਆ, ਪੜ੍ਹਾਈ ਲਈ ਰੁਟੀਨ ਬਣਾਇਆ ਅਤੇ ਪਰੀਖਿਆ ਸਮੇਂ ਹੋਰ ਵੱਧ ਮਿਹਨਤ ਕੀਤੀ। ਹੁਣ ਚੰਗੇ ਨਤੀਜੇ ਤੋਂ ਬਾਅਦ ਉਸਦਾ ਸੁਪਨਾ ਵਿਗਿਆਨੀ ਬਣਨਾ ਹੈ ਤਾਂ ਜੋ ਦੇਸ਼ ਦਾ ਨਾਮ ਰੋਸ਼ਨ ਕਰ ਸਕੇ। ਇਸ ਮੌਕੇ ‘ਤੇ ਛੋਟੀ ਭੈਣ ਨੇ ਉਸਦਾ ਮੂੰਹ ਮਿੱਠਾ ਕਰਵਾ ਕੇ ਉਸਨੂੰ ਗਲੇ ਲਗਾਇਆ। ------------------------- ਹਰ ਵਿਸ਼ੇ ਨੂੰ ਡੂੰਘਾਈ ਨਾਲ ਸਮਝਿਆ, ਮਨੋਵਿਗਿਆਨੀ ਬਣਨਾ ਚਾਹੁੰਦੀ ਹੈ ਜੈਸਮੀਨ ਬੀਐੱਸਐੱਫ ਵਿਚ ਸੂਬੇਦਾਰ ਮੇਜਰ ਪਰਮਿੰਦਰ ਕੌਰ ਤੇ ਬੀਐੱਸਐੱਫ ਵਿੱਚ ਹੀ ਨਰਿੰਦਰ ਸਿੰਘ ਦੀ ਧੀ ਜੈਸਮੀਨ ਮੈਡੀਕਲ ਦੀ ਵਿਦਿਆਰਥਣ ਹੈ। ਜੈਸਮੀਨ ਨੇ ਦੱਸਿਆ ਕਿ ਉਹ ਹਰ ਰੋਜ਼ 2 ਤੋਂ 4 ਘੰਟੇ ਨਿਯਮਿਤ ਪੜ੍ਹਦੀ ਹੈ ਅਤੇ ਪ੍ਰੀਖਿਆ ਦੇ ਦਿਨਾਂ ਵਿੱਚ ਹੋਰ ਵੱਧ ਮਿਹਨਤ ਕਰਦੀ ਹੈ। ਸ਼ੁਰੂ ਤੋਂ ਹੀ ਹਰ ਵਿਸ਼ੇ ਨੂੰ ਡੂੰਘਾਈ ਨਾਲ ਸਮਝਣ ਅਤੇ ਲਿਖ-ਲਿਖ ਕੇ ਅਭਿਆਸ ਕਰਕੇ ਆਪਣੀਆਂ ਗਲਤੀਆਂ ਨੂੰ ਦੂਰ ਕਰਨ ‘ਤੇ ਧਿਆਨ ਦਿੱਤਾ। ਉਸਨੇ ਕਿਹਾ ਕਿ ਅਧਿਆਪਕਾਂ ਦੇ ਨਾਲ ਨਾਲ ਮਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਮਾਂ ਨੇ ਵੀ ਆਪਣੇ ਸਮੇਂ ਵਿੱਚ ਮੈਡੀਕਲ ਸਟਰੀਮ ਪੜ੍ਹੀ ਸੀ, ਜਿਸ ਨਾਲ ਹਰ ਧਾਰਨਾ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਮਿਲੀ। ਪਿਤਾ ਹਰ ਵੇਲੇ ਹੌਸਲਾ ਵਧਾਉਂਦੇ ਰਹੇ। ਕਿਤਾਬਾਂ ਪੜ੍ਹਨ ਦਾ ਉਸਨੂੰ ਸ਼ੁਰੂ ਤੋਂ ਹੀ ਸ਼ੌਕ ਹੈ। ਅੱਜ ਦੇ ਸਮੇਂ ਵਿੱਚ ਮੈਂਟਲ ਹੈਲਥ ਬਹੁਤ ਜ਼ਰੂਰੀ ਹੈ ਅਤੇ ਜੈਸਮੀਨ ਅੱਗੇ ਚੱਲ ਕੇ ਮਨੋਵਿਗਿਆਨੀ ਬਣਨਾ ਚਾਹੁੰਦੀ ਹੈ।