ਤਮੰਨਾ ਨੇ ਮੈਰਿਟ ਸੂਚੀ ’ਚ ਪ੍ਰਾਪਤ ਕੀਤਾ 10ਵਾਂ ਸਥਾਨ
ਤਮੰਨਾ ਨੇ 97.23 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਮੈਰਿਟ ਲਿਸਟ ’ਚ ਦਸਵਾਂ ਸਥਾਨ ਪ੍ਰਾਪਤ ਕੀਤਾ
Publish Date: Mon, 11 May 2026 06:56 PM (IST)
Updated Date: Mon, 11 May 2026 07:00 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਜ਼ਦੀਕੀ ਪਿੰਡ ਨੌਗੱਜਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੌਗੱਜਾ ਦੀ ਹੋਣਹਾਰ ਵਿਦਿਆਰਥਣ ਤਮੰਨਾ ਪੁੱਤਰੀ ਤਰਸੇਮ ਲਾਲ ਅਤੇ ਕਵਿਤਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 97.23 ਫੀਸਦੀ ਅੰਕ (632/650) ਪ੍ਰਾਪਤ ਕੀਤੇ ਹਨ। ਤਮੰਨਾ ਨੇ ਸੂਬਾ ਪੱਧਰ ’ਤੇ ਮੈਰਿਟ ਲਿਸਟ ’ਚ 10ਵਾਂ ਅਤੇ ਜ਼ਿਲ੍ਹਾ ਜਲੰਧਰ ਪੱਧਰ ’ਤੇ ਪੰਜਵਾਂ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਜੌਸ਼ਨਾ ਨੇ ਤਮੰਨਾ, ਉਸਦੇ ਮਾਪਿਆਂ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥਣ ਦੀ ਇਹ ਉਪਲੱਬਧੀ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨਾਲ ਭਵਿੱਖ ਵਿੱਚ ਵੀ ਸਕੂਲ ਸ਼ਾਨਦਾਰ ਅਤੇ ਸੌ ਫੀਸਦੀ ਨਤੀਜੇ ਦੇਣ ਲਈ ਵਚਨਬੱਧ ਹੈ।
ਤਮੰਨਾ ਦਾ ਸੁਪਨਾ ਆਈਏਐੱਸ ਅਫਸਰ ਬਣਨਾ
ਤਮੰਨਾ ਦੇ ਪਿਤਾ ਤਰਸੇਮ ਲਾਲ ਪ੍ਰਾਈਵੇਟ ਨੌਕਰੀ ਕਰਦੇ ਹਨ, ਜਦਕਿ ਮਾਤਾ ਕਵਿਤਾ ਪਿੰਡ ਨੌਗੱਜਾ ਦੇ ਐੱਸਜੀਐੱਨ ਪਬਲਿਕ ਸਕੂਲ ’ਚ ਅਧਿਆਪਿਕਾ ਹੋਣ ਦੇ ਨਾਲ ਘਰੇਲੂ ਜ਼ਿੰਮੇਵਾਰੀਆਂ ਵੀ ਨਿਭਾਅ ਰਹੇ ਹਨ। ਸਾਧਾਰਨ ਪਰਿਵਾਰ ਨਾਲ ਸੰਬੰਧਿਤ ਤਮੰਨਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਤਮੰਨਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੌਗੱਜਾ ਵਿੱਚ 11ਵੀਂ ਜਮਾਤ ਦੀ ਆਰਟਸ ਸਟਰੀਮ ਵਿੱਚ ਦਾਖਲਾ ਲਿਆ ਹੈ। ਉਸਦਾ ਸੁਪਨਾ ਆਈਏਐੱਸ ਅਫਸਰ ਬਣ ਕੇ ਸਮਾਜ ਦੀ ਸੇਵਾ ਕਰਨਾ ਤੇ ਆਪਣੇ ਮਾਪਿਆਂ, ਪਿੰਡ ਅਤੇ ਸਕੂਲ ਦਾ ਨਾਮ ਹੋਰ ਰੋਸ਼ਨ ਕਰਨਾ ਹੈ।