ਸ.ਕੰ.ਸੀ.ਸੈਕੰ.ਸਕੂਲ ਪਤਾਰਾ ਦੀ ਵਿਦਿਆਰਥਣ ਤਮੰਨਾ ਕੌਰ ਨੇ ਮੈਰਿਟ 'ਚ ਹਾਸਿਲ ਕੀਤੀ ਜਗ੍ਹਾ

-ਲੈਕਚਰਾਰ ਬਣਨਾ ਚਾਹੁੰਦੀ ਹੈ ਵਿਦਿਆਰਥਣ
-ਆਟੋ ਚਾਲਕ ਪਿਤਾ ਪਰਮਜੀਤ ਦਾ ਵਧਾਇਆ ਮਾਣ
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਤਾਰਾ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਤਮੰਨਾ ਕੌਰ ਨੇ 650 ਵਿੱਚੋਂ 624 (96%) ਅੰਕ ਪ੍ਰਾਪਤ ਕਰਕੇ ਮੈਰਿਟ ’ਚ ਥਾਂ ਬਣਾਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਸਕੂਲ ਇੰਚਾਰਜ ਰੇਖਾ ਨੇ ਦੱਸਿਆ ਕਿ ਵਿਦਿਆਰਥਣ ਤਮੰਨਾ ਸਮੇਤ ਵਿਦਿਆਰਥਣ ਹਰਏਕਮ ਨੇ 650 'ਚੋਂ 610 (93.84%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਜਦਕਿ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ 650 'ਚੋਂ 598 (92%) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਵਿਦਿਆਰਥਣਾਂ ਨੇ 90% ਤੋਂ ਵੱਧ ਨੰਬਰ ਹਾਸਿਲ ਕਰਕੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਦੱਸਵੀਂ ਜਮਾਤ ਦੀਆਂ ਸਾਰੀਆਂ ਹੀ 34 ਵਿਦਿਆਰਥਣਾਂ ਚੰਗੇ ਨੰਬਰ ਹਾਸਲ ਕਰਕੇ ਪਾਸ ਹੋਈਆਂ ਹਨ ਤੇ ਸਕੂਲ ਦਾ ਨਤੀਜਾ 100% ਰਿਹਾ ਹੈ। ਉਨ੍ਹਾਂ ਇਸ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥਣਾਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ।
------------------------
ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
ਅੱਜ ਜਿਵੇਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਤਾਂ ਹਲਕਾ ਆਦਮਪੁਰ ਅਧੀਨ ਆਉਂਦੇ ਪਿੰਡ ਪਰਸਰਾਮਪੁਰ ਵਿੱਚ ਵਿਦਿਆਰਥਣ ਤਮੰਨਾ ਕੌਰ ਦੇ ਘਰ ਖੁਸ਼ੀਆ ਦਾ ਮਾਹੌਲ ਛਾ ਗਿਆ ਤੇ ਜਿਵੇਂ ਜਿਵੇਂ ਵਿਦਿਆਰਥਣ ਤਮੰਨਾ ਵੱਲੋਂ ਪੰਜਾਬ ਮੈਰਿਟ ਲਿਸਟ ਵਿੱਚ ਸਥਾਨ ਪ੍ਰਾਪਤ ਕਰਨ ਦੀ ਖ਼ਬਰ ਫੈਲੀ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਤੇ ਤਮੰਨਾ ਦੇ ਘਰ ਪਿਤਾ ਪਰਮਜੀਤ ਤੇ ਮਾਤਾ ਮਨਜੀਤ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ ।
---------------------------
ਲੈਕਚਰਾਰ ਬਣਨਾ ਚਾਹੁੰਦੀ ਹੈ ਵਿਦਿਆਰਥਣ ਤਮੰਨਾ
ਜ਼ਿਕਰਯੋਗ ਹੈ ਕਿ ਵਿਦਿਆਰਥਣ ਤਮੰਨਾ ਦੇ ਪਿਤਾ ਪੇਸ਼ੇ ਤੋਂ ਆਟੋ ਡਰਾਈਵਰ ਜਦਕਿ ਮਾਤਾ ਮਨਜੀਤ ਘਰੇਲੂ ਕੰਮ ਕਰਦੇ ਹਨ। ਤਮੰਨਾ ਦੀ ਵੱਡੀ ਭੈਣ ਪ੍ਰਿਅੰਕਾ ਬੀਏ ਦੀ ਪੜ੍ਹਾਈ ਕਰ ਰਹੀ ਹੈ ਜਦਕਿ ਛੋਟੀ ਭੈਣ ਤੀਜੀ ਵਿੱਚ ਪੜ੍ਹਦੀ ਹੈ। ਤਮੰਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਇਸ ਕਾਮਯਾਬੀ ਵਿੱਚ ਸਕੂਲ ਅਧਿਆਪਕਾਂ, ਸਕੂਲ ਮੈਨੇਜਮੈਂਟ ਤੇ ਮਾਪਿਆਂ ਦਾ ਅਹਿਮ ਯੋਗਦਾਨ ਰਿਹਾ ਹੈ। ਜਿੱਥੇ ਸਕੂਲ ਅਧਿਆਪਕਾਂ ਨੇ ਪੜ੍ਹਾਈ 'ਚ ਆਉਣ ਵਾਲੀਆਂ ਵੱਖ-ਵੱਖ ਮੁਸ਼ਕਲਾਂ ਵਿੱਚ ਹਮੇਸ਼ਾ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਉਥੇ ਹੀ ਪੂਰੇ ਪਰਿਵਾਰ ਨੇ ਵੀ ਤਮੰਨਾ ਨੂੰ ਹਮੇਸ਼ਾ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਹੈ। ਉਸ ਨੇ ਕਿਹਾ ਕਿ ਪਿਤਾ ਪਰਮਜੀਤ ਦਿਨ ਰਾਤ ਆਟੋ ਚਲਾ ਕੇ ਪਰਿਵਾਰ ਦਾ ਹਮੇਸ਼ਾ ਖਿਆਲ ਰੱਖਦੇ ਹਨ ਤੇ ਪੜ੍ਹਾਈ 'ਚ ਉੱਤਮ ਪ੍ਰਦਰਸ਼ਨ ਕਰਦੇ ਰਹਿਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਉਸ ਨੇ 11ਵੀਂ ਜਮਾਤ ਵਿੱਚ ਮੈਡੀਕਲ ਸਟ੍ਰੀਮ ਚ ਦਾਖਲਾ ਲਿਆ ਹੈ ਤੇ ਭਵਿੱਖ ਵਿੱਚ ਬਾਇਓ ਕੈਮਿਸਟਰੀ ਦੀ ਲੈਕਚਰਾਰ ਬਣ ਕੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ।