ਸ਼ਿਕਾਇਤ ਵਾਪਸ ਨਾ ਲੈਣ ’ਤੇ ਸੰਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
-ਪਹਿਲਾਂ ਦਫਤਰ ’ਚ ਕੁੱਟਮਾਰ,
Publish Date: Tue, 19 May 2026 06:56 PM (IST)
Updated Date: Tue, 19 May 2026 06:58 PM (IST)
-ਪਹਿਲਾਂ ਦਫਤਰ ’ਚ ਕੁੱਟਮਾਰ, ਹੁਣ ਵਿਦੇਸ਼ੀ ਨੰਬਰ ਤੋਂ ਮਿਲੀ ਗੋਲੀ ਮਾਰਨ ਦੀ ਚਿਤਾਵਨੀ
ਜਾਸ, ਜਲੰਧਰ : ਬੱਸ ਸਟੈਂਡ ਨੇੜੇ ਸਥਿਤ ਗੁਜਰਾਲ ਇਮੀਗ੍ਰੇਸ਼ਨ ਦੇ ਮਾਲਕ ਸੰਨੀ ਗੁਜਰਾਲ ਨੂੰ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਸ ਸਮੇਂ ਦਿੱਤੀ ਗਈ ਜਦੋਂ ਇਕ ਦਿਨ ਪਹਿਲਾਂ ਹੀ ਉਸ ਦੇ ਦਫਤਰ ’ਚ ਦਾਖਲ ਹੋ ਕੇ ਕੁੱਟਮਾਰ ਕੀਤੀ ਗਈ ਸੀ। ਜਾਣਕਾਰੀ ਮੁਤਾਬਕ, ਇਹ ਸਾਰਾ ਵਿਵਾਦ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਸ਼ੁਰੂ ਹੋਇਆ ਸੀ। ਹੁਣ ਇਸ ਮਾਮਲੇ ’ਚ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੇ ਦਿਨ ਕੁਝ ਸ਼ੱਕੀ ਅਨਸਰ ਸੰਨੀ ਗੁਜਰਾਲ ਦੇ ਦਫਤਰ ਪੁੱਜੇ। ਪਹਿਲਾਂ ਉਨ੍ਹਾਂ ਨੇ ਰਿਸੈਪਸ਼ਨ 'ਤੇ ਫਾਰਮ ਭਰੇ ਤੇ ਫਿਰ ਸਿੱਧੇ ਉਨ੍ਹਾਂ ਦੇ ਕੈਬਿਨ ’ਚ ਦਾਖਲ ਹੋ ਗਏ। ਇਨ੍ਹਾਂ ਅਨਸਰਾਂ ਨੇ ਆਉਂਦਿਆਂ ਹੀ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਪੈਸੇ ਦੇ ਵਿਵਾਦ 'ਚ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕੁਝ ਹੋਰ ਸਾਥੀਆਂ ਨੂੰ ਵੀ ਮੌਕੇ 'ਤੇ ਸੱਦਿਆ। ਸੰਨੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਜਬਰਦਸਤੀ ਇਕ ਥਾਰ ਗੱਡੀ ’ਚ ਬੈਠਾ ਲਿਆ ਤੇ ਉੱਥੇ ਵੀ ਕੁੱਟਮਾਰ ਜਾਰੀ ਰੱਖੀ। ਇਸ ਦੌਰਾਨ ਉਨ੍ਹਾਂ ਦੀ ਨੱਕ ਦੀ ਹੱਡੀ ਤੱਕ ਟੁੱਟ ਗਈ ਤੇ ਉਨ੍ਹਾਂ ਨੂੰ ਸਾਹ ਲੈਣ ’ਚ ਮੁਸ਼ਕਲ ਹੋਣ ਲੱਗੀ। ਮੁਲਜ਼ਮ ਗੱਡੀ ’ਚ ਲੈ ਕੇ ਰਾਮਾਮੰਡੀ ਵੱਲ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਮੌਕਾ ਦੇਖ ਕੇ ਗੱਡੀ ’ਚੋਂ ਛਾਲ ਮਾਰੀ ਤੇ ਜਾਨ ਬਚਾ ਕੇ ਸਿੱਧਾ ਥਾਣਾ ਰਾਮਾ ਮੰਡੀ ਪੁੱਜ ਗਿਆ। ਉੱਥੇ ਉਨ੍ਹਾਂ ਨੇ ਪੁਲਿਸ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ।
ਇਸ ਮਾਮਲੇ ’ਚ ਬੱਸ ਸਟੈਂਡ ਚੌਕੀ ਇੰਚਾਰਜ ਮੋਹਿੰਦਰ ਸਿੰਘ ਨੇ ਬਿਆਨ ਦੇ ਆਧਾਰ 'ਤੇ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਨਾਲ ਹੀ ਘਟਨਾ ਦੇ ਅਗਲੇ ਦਿਨ ਸੰਨੀ ਨੂੰ ਇਕ ਵਿਦੇਸ਼ੀ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਸ਼ਿਕਾਇਤ ਵਾਪਸ ਲੈਣ ਦੀ ਧਮਕੀ ਦਿੱਤੀ। ਸਾਹਮਣੇ ਆਈ ਆਡੀਓ ਰਿਕਾਰਡਿੰਗ ’ਚ ਸੁਣਿਆ ਜਾ ਸਕਦਾ ਹੈ ਕਿ ਮੁਲਜ਼ਮ ਧਮਕਾਉਂਦਾ ਹੋਇਆ ਕਹਿ ਰਿਹਾ ਹੈ ਕਿ ਉਸ ਨੇ ਪਹਿਲਾਂ ਸਿਰਫ ਡੇਮੋ ਦਿੱਤਾ ਸੀ ਤੇ ਜੇਕਰ ਸ਼ਿਕਾਇਤ ਵਾਪਸ ਨਹੀਂ ਲਈ ਗਈ ਤਾਂ ਛਾਤੀ ’ਚ ਗੋਲੀਆਂ ਮਾਰੀ ਜਾਣਗੀਆਂ। ਉਹ ਉਸ ਨੂੰ ਅੱਧਮਰਾ ਨਹੀਂ ਛੱਡੇਗਾ, ਬਲਕਿ ਮੌਤ ਦੇ ਘਾਟ ਉਤਾਰ ਦੇਵੇਗਾ। ਇਸ 'ਤੇ ਸੰਨੀ ਨੇ ਕਿਹਾ ਕਿ ਜਦੋਂ ਉਨ੍ਹਾਂ 'ਤੇ ਜਾਨਲੇਵਾ ਹਮਲਾ ਹੋਇਆ ਹੈ ਤਾਂ ਉਹ ਸ਼ਿਕਾਇਤ ਕਿਵੇਂ ਵਾਪਸ ਲੈ ਸਕਦੇ ਹਨ। ਇਸ ਤੋਂ ਬਾਅਦ ਮੁਲਜ਼ਮ ਨੇ ਦੁਬਾਰਾ ਜਾਨੋਂ ਮਾਰਨ ਦੀ ਧਮਕੀ ਦਿੱਤੀ। ਘਟਨਾ ਮਗਰੋਂ ਪੀੜਤ ਨੇ ਪੁਲਿਸ ਨੂੰ ਨਵੀਂ ਸ਼ਿਕਾਇਤ ਵੀ ਸੌਂਪ ਦਿੱਤੀ ਹੈ। ਪੁਲਿਸ ਹੁਣ ਵਿਦੇਸ਼ੀ ਨੰਬਰ, ਆਡੀਓ ਰਿਕਾਰਡਿੰਗ ਤੇ ਮੁਲਜ਼ਮਾਂ ਦੀ ਜਾਂਚ ਕਰ ਰਹੀ ਹੈ।