ਗੰਨਾ ਉਤਪਾਦਕਾਂ ਦੀ ਵਧੀ ਚਿੰਤਾ: ਕੇਨ ਹਾਰਵੈਸਟਿੰਗ ਮਸ਼ੀਨਾਂ ਦੀ ਘਾਟ ਕਾਰਨ ਕਿਸਾਨ ਨਿਰਾਸ਼
ਝੋਨੇ ਤੇ ਕਣਕ ਦੇ ਰਵਾਇਤੀ ਫਸਲੀ ਚੱਕਰ ’ਚੋਂ ਨਿਕਲਣ ਲਈ ਸੂਬੇ ’ਚ ਕਿਸਾਨ ਵੱਡੇ ਪੱਧਰ ’ਤੇ ਗੰਨੇ ਦੀ ਖੇਤੀ ਵੱਲ ਰੁਖ਼ ਕਰ ਰਹੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਲੇਬਰ ਦੀ ਘਾਟ ਕਾਰਨ ਗੰਨਾ ਉਤਪਾਦਕਾਂ ਨੂੰ ਗੰਨੇ ਦੀ ਛਿਲਾਈ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਨੇ ਦੀ ਪਿੜਾਈ ਦਾ ਸੀਜ਼ਨ ਨਿਰਧਾਰਤ ਹੋਣ ’ਤੇ ਲੇਬਰ ਨਾ ਮਿਲਣ ਕਾਰਨ ਕਿਸਾਨ ਮਸ਼ੀਨਾਂ ਨਾਲ ਕਟਾਈ ਕਰਵਾਉਣ ਲਈ ਮਜਬੂਰ ਹਨ ਪਰ ਕੇਨ ਹਾਰਵੈਸਟਿੰਗ ਮਸ਼ੀਨਾਂ ਵੀ ਟਾਵੇਂ-ਟਾਵੇਂ ਕਿਸਾਨਾਂ ਕੋਲ ਹੋਣ ਕਰ ਕੇ ਬਹੁਤੇ ਗੰਨਾ ਉਤਪਾਦਕ ਆਪਣੀ ਫਸਲ ਸਮੇਂ ਸਿਰ ਖੰਡ ਮਿੱਲਾਂ ’ਚ ਲਿਜਾਣ ਲਈ ਚਿੰਤਤ ਹਨ।
Publish Date: Fri, 16 Jan 2026 11:03 AM (IST)
Updated Date: Fri, 16 Jan 2026 11:07 AM (IST)

ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ। ਝੋਨੇ ਤੇ ਕਣਕ ਦੇ ਰਵਾਇਤੀ ਫਸਲੀ ਚੱਕਰ ’ਚੋਂ ਨਿਕਲਣ ਲਈ ਸੂਬੇ ’ਚ ਕਿਸਾਨ ਵੱਡੇ ਪੱਧਰ ’ਤੇ ਗੰਨੇ ਦੀ ਖੇਤੀ ਵੱਲ ਰੁਖ਼ ਕਰ ਰਹੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਲੇਬਰ ਦੀ ਘਾਟ ਕਾਰਨ ਗੰਨਾ ਉਤਪਾਦਕਾਂ ਨੂੰ ਗੰਨੇ ਦੀ ਛਿਲਾਈ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਨੇ ਦੀ ਪਿੜਾਈ ਦਾ ਸੀਜ਼ਨ ਨਿਰਧਾਰਤ ਹੋਣ ’ਤੇ ਲੇਬਰ ਨਾ ਮਿਲਣ ਕਾਰਨ ਕਿਸਾਨ ਮਸ਼ੀਨਾਂ ਨਾਲ ਕਟਾਈ ਕਰਵਾਉਣ ਲਈ ਮਜਬੂਰ ਹਨ ਪਰ ਕੇਨ ਹਾਰਵੈਸਟਿੰਗ ਮਸ਼ੀਨਾਂ ਵੀ ਟਾਵੇਂ-ਟਾਵੇਂ ਕਿਸਾਨਾਂ ਕੋਲ ਹੋਣ ਕਰ ਕੇ ਬਹੁਤੇ ਗੰਨਾ ਉਤਪਾਦਕ ਆਪਣੀ ਫਸਲ ਸਮੇਂ ਸਿਰ ਖੰਡ ਮਿੱਲਾਂ ’ਚ ਲਿਜਾਣ ਲਈ ਚਿੰਤਤ ਹਨ।
ਮੌਜੂਦਾ ਸੀਜ਼ਨ ਦੌਰਾਨ ਸੂਬੇ ਅੰਦਰ ਗੰਨੇ ਦੀ ਕਟਾਈ ਤੇ ਛਿਲਾਈ ਲਈ 20 ਦੇ ਕਰੀਬ ਮਸ਼ੀਨਾਂ ਚੱਲ ਰਹੀਆਂ ਹਨ ਜੋ ਕਿ ਰਕਬੇ ਮੁਤਾਬਕ ਕਾਫੀ ਘੱਟ ਹਨ। ਇਸ ਲਈ ਗੰਨਾ ਉਤਪਾਦਕਾਂ ਨੇ 19 ਦੇ ਕਰੀਬ ਮਸ਼ੀਨਾਂ ਲੈਣ ਲਈ ਖੇਤੀਬਾੜੀ ਵਿਭਾਗ ਦੇ ਪੋਰਟਲ ’ਤੇ ਅਰਜ਼ੀਆਂ ਦਿੱਤੀਆਂ ਹੋਈਆਂ ਹਨ। ਇਹ ਅਰਜ਼ੀਆ 4 ਦਸੰਬਰ ਤੱਕ ਭਰੀਆਂ ਗਈਆਂ ਸਨ ਅਤੇ ਕਿਸਾਨਾਂ ਨੂੰ ਭਰੋਸਾ ਸੀ ਕਿ ਵਿਭਾਗ ਸੀਜ਼ਨ ਸ਼ੁਰੂ ਹੁੰਦਿਆਂ ਹੀ ਮਸ਼ੀਨਾਂ ਲਈ ਨਿਰਧਾਰਤ ਸਬਸਿਡੀ ਉਨ੍ਹਾਂ ਦੇ ਖਾਤੇ ’ਚ ਪਾ ਦੇਵੇਗਾ। ਸਮੇਂ ਸਿਰ ਮਸ਼ੀਨਾਂ ਖਰੀਦ ਕੇ ਗੰਨੇ ਦੀ ਕਟਾਈ ਕਰ ਕੇ ਮਿੱਲਾਂ ’ਚ ਸੁੱਟ ਦੇਣਗੇ ਪਰ ਜਨਵਰੀ ਦਾ ਮਹੀਨਾ ਵੀ ਅੱਧਾ ਲੰਘਣ ਦੇ ਬਾਵਜੂਦ ਹਾਲੇ ਤਕ ਸਬਸਿਡੀ ਨਹੀਂ ਮਿਲੀ।
ਗੰਨਾ ਉਤਪਾਦਕਾਂ ਦਾ ਕਹਿਣਾ ਹੈ ਕਿ ਲੇਬਰ ਨਾ ਮਿਲਣ ਤੇ ਮਸ਼ੀਨਾਂ ਦੀ ਘਾਟ ਹੋਣ ਕਰ ਕੇ ਉਨ੍ਹਾਂ ਨੂੰ ਆਪਣੀ ਫਸਲ ਸਮੇਂ ਸਿਰ ਖੰਡ ਮਿੱਲਾਂ ’ਚ ਲਿਜਾਣ ਦੀ ਚਿੰਤਾ ਸਤਾ ਰਹੀ ਹੈ ਕਿਉਂਕਿ ਗੰਨੇ ਦੀ ਪਿੜਾਈ ਦਾ ਸੀਜ਼ਨ ਨਵੰਬਰ ਦੇ ਅਖੀਰ ’ਚ ਸ਼ੁਰੂ ਹੋਇਆ ਜੋ ਕਿ ਵਿਸਾਖੀ ਤੱਕ ਹੀ ਚੱਲੇਗਾ। ਵਿਭਾਗ ਮੁਤਾਬਕ ਪੰਜਾਬ ਅੰਦਰ ਕੁੱਲ 15 ਖੰਡ ਮਿੱਲਾਂ ਹਨ, ਜਿਨ੍ਹਾਂ ’ਚੋਂ 6 ਸਹਿਕਾਰੀ ਤੇ 9 ਪ੍ਰਾਈਵੇਟ ਹਨ। 2025-26 ਦੇ ਸੀਜ਼ਨ ਦੌਰਾਨ ਸੂਬੇ ਅੰਦਰ ਕਿਸਾਨਾਂ ਵੱਲੋਂ 1,11,818 ਲੱਖ ਹੈਕਟੇਅਰ ਰਕਬੇ ’ਚ ਗੰਨੇ ਦੀ ਬਿਜਾਈ ਕੀਤੀ ਗਈ ਹੈ। ਪਿਛਲੇ ਸਾਲ ਗੰਨੇ ਦਾ ਉਤਪਾਦਨ 780 ਲੱਖ ਕੁਇੰਟਲ ਹੋਇਆ ਸੀ ਅਤੇ ਇਸ ਵਾਰ ਹੜ੍ਹਾਂ ਦੀ ਮਾਰ ਕਾਰਨ ਉਤਪਾਦਨ ਘੱਟ ਹੋਣ ਦੀ ਸੰਭਾਵਨਾ ਹੈ।
ਗੰਨਾ ਉਤਪਾਦਕਾਂ ਨੇ ਲੇਬਰ ਨਾ ਮਿਲਣ ਕਾਰਨ ਗੰਨੇ ਦੀ ਕਟਾਈ ਲਈ ਮਸ਼ੀਨਾਂ ਖਰੀਦਣ ਵੱਲ ਰੁਖ਼ ਕੀਤਾ ਹੋਇਆ ਹੈ। ਕੇਨ ਹਾਰਵੈਸਟਿੰਗ ਮਸ਼ੀਨ ’ਤੇ ਸਰਕਾਰ ਵੱਲੋਂ 40 ਫੀਸਦੀ ਦੇ ਕਰੀਬ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਇਕ ਮਸ਼ੀਨ ਦੀ ਕੀਮਤ ਸਵਾ ਕਰੋੜ ਦੇ ਕਰੀਬ ਦੱਸੀ ਜਾਂਦੀ ਹੈ।
ਦੋਆਬੇ ਦੇ ਇਕ ਗੰਨਾ ਉਤਪਾਦਕ ਨੇ ਦੱਸਿਆ ਕਿ ਉਨ੍ਹਾਂ ਨੇ ਵੱਡੇ ਪੱਧਰ ’ਤੇ ਗੰਨੇ ਦੀ ਫਸਲ ਬੀਜੀ ਹੋਈ ਹੈ ਪਰ ਲੇਬਰ ਨਾ ਮਿਲਣ ਕਾਰਨ ਸਮੇਂ ਸਿਰ ਕਟਾਈ ਨਾ ਹੋਣ ਦੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਬਸਿਡੀ ਸਰਕਾਰ ਦੇ ਦਿੰਦੀ ਤਾਂ ਉਹ ਮਸ਼ੀਨ ਖਰੀਦ ਸਕਦੇ ਸਨ ਕਿਉਂਕਿ ਸਬਸਿਡੀ ਮਿਲਣ ਉਪਰੰਤ ਬੈਂਕ ਤੋਂ ਕਰਜ਼ਾ ਲੈਣ ਤੇ ਮਸ਼ੀਨ ਖਰੀਦਣ ’ਚ 15-20 ਦਿਨ ਦਾ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਲੰਘਣ ਤੋਂ ਬਾਅਦ ਮਸ਼ੀਨ ਲੈਣ ਦਾ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਕਰਜ਼ਾ ਲੈਣ ਦੇ ਹੀ ਬੈਂਕ ਦੀਆ ਕਿਸ਼ਤਾਂ ਸ਼ੁਰੂ ਹੋ ਜਾਣਗੀਆਂ ਅਤੇ ਅਗਲਾ ਸੀਜ਼ਨ ਸ਼ੁਰੂ ਹੋਣ ਤੱਕ ਮਸ਼ੀਨ ਘਰ ਹੀ ਖੜ੍ਹੀ ਕਰਨੀ ਪਵੇਗੀ।
ਗੰਨਾ ਉਤਪਾਦਕਾਂ ਵੱਲੋਂ ਕੇਨ ਹਾਰਵੈਸਟਿੰਗ ਮਸ਼ੀਨਾਂ ਲਈ ਸਬਸਿਡੀ ਹਾਲੇ ਤੱਕ ਜਾਰੀ ਨਾ ਹੋਣ ਬਾਰੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜੁਆਇੰਟ ਡਾਇਰੈਕਟਰ (ਇੰਜੀਨੀਅਰਿੰਗ ਵਿੰਗ) ਜਗਦੀਸ਼ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ’ਚ ਖੇਤੀ ਦੇ ਮਸ਼ੀਨੀਕਰਨ ਨੂੰ ਉਤਸ਼ਾਹਤ ਕਰਨ ਲਈ ਸਬਸਿਡੀ ’ਤੇ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਗੰਨਾ ਉਤਪਾਦਕਾਂ ਨੇ 19 ਦੇ ਕਰੀਬ ਕੇਨ ਹਾਰਵੈਸਟਿੰਗ ਮਸ਼ੀਨਾਂ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ। ਸਬਸਿਡੀ ਜਾਰੀ ਕਰਨ ਲਈ ਵਿਭਾਗ ਵੱਲੋਂ ਪ੍ਰਕਿਰਿਆ ਜਾਰੀ ਹੈ।
ਜ਼ਿਲ੍ਹਿਆਂ ਨੂੰ ਸਬਸਿਡੀ ਜਾਰੀ ਕਰਨ ਲਈ ਕਹਿ ਦਿੱਤਾ ਗਿਐ : ਡਾਇਰੈਕਟਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਨੇ ਕਿਹਾ ਕਿ ਸਬਸਿਡੀ ਦੇਣ ਲਈ ਬਿਨੈਕਾਰਾਂ ਦੀ ਚੋਣ ਕਰਨ ਅਤੇ ਮਸ਼ੀਨਾਂ ਦੇ ਡਰਾਅ ਕੱਢਣ ਲਈ ਸਾਰੇ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਕਹਿ ਦਿੱਤਾ ਗਿਆ ਹੈ। ਬਹੁਤ ਸਾਰੇ ਜ਼ਿਲ੍ਹਿਆਂ ’ਚ ਮਸ਼ੀਨਾਂ ਦੀ ਸਬਸਿਡੀ ਦੇਣ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ ਅਤੇ ਜਿਨ੍ਹਾਂ ਕਿਸਾਨਾਂ ਦੇ ਡਰਾਅ ਨਿਕਲਣਗੇ, ਛੇਤੀ ਹੀ ਸਬਸਿਡੀ ਉਨ੍ਹਾਂ ਦੇ ਖਾਤਿਆ ’ਚ ਪਾ ਦਿੱਤੀ ਜਾਵੇਗੀ ਤਾਂ ਉਹ ਮਸ਼ੀਨਾਂ ਖਰੀਦ ਸਕਣ।