10ਵੀਂ ’ਚ ਟਾਪ ਕਰਨ ਵਾਲੀਆਂ ਵਿਦਿਆਰਥਣਾਂ ਸਨਮਾਨਿਤ
ਦੱਸਵੀਂ 'ਚ ਟੌਪ ਕਰਨ ਵਾਲੀਆਂ ਵਿਦਿਆਰਥਣਾਂ ਦਾ ਕੀਤਾ ਸਨਮਾਨ
Publish Date: Fri, 15 May 2026 07:31 PM (IST)
Updated Date: Fri, 15 May 2026 07:33 PM (IST)
ਵਿਦਿਆਰਥਣਾਂ ਨੇ ਢੋਲ ਦੀ ਥਾਪ 'ਤੇ ਪਾਇਆ ਭੰਗੜਾ
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਤਾਰਾ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਵਿਦਿਆਰਥਣਾਂ ਦੀ ਇਸ ਪ੍ਰਾਪਤੀ 'ਤੇ ਪ੍ਰਸ਼ੰਸਾ ਵਜੋਂ ਸਕੂਲ ਪ੍ਰਬੰਧਨ, ਸਕੂਲ ਇੰਚਾਰਜ ਰੇਖਾ ਪਿੰਡ ਪਤਾਰਾ ਦੇ ਸਰਪੰਚ ਸੰਦੀਪ ਵਰਮਾ ਵੱਲੋਂ ਵਿਦਿਆਰਥਣਾਂ ਦਾ ਢੋਲ ਦੇ ਡਗੇ ਨਾਲ ਸਕੂਲ 'ਚ ਸੁਆਗਤ ਕੀਤਾ ਗਿਆ, ਜਿੱਥੇ ਵਿਦਿਆਰਥਣਾਂ ਨੇ ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਇਸ ਖੁਸ਼ੀ ਨੂੰ ਮਨਾਇਆ ਅਤੇ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ ।
ਜ਼ਿਕਰਯੋਗ ਹੈ ਕਿ ਸਕੂਲ ਦੀ ਵਿਦਿਆਰਥਣ ਤਮੰਨਾ ਕੌਰ ਨੇ 650 ਵਿੱਚੋਂ 624 (96%) ਅੰਕ ਪ੍ਰਾਪਤ ਕਰਕੇ ਪੰਜਾਬ ਭਰ ਦੀ ਮੈਰਿਟ ਲਿਸਟ ਵਿੱਚ 230ਵਾਂ ਸਥਾਨ ਹਾਸਿਲ ਕਰਦੇ ਹੋਏ ਪੰਜਾਬ 'ਚੋਂ 21ਵਾਂ ਰੈਂਕ ਤੇ ਜਲੰਧਰ ਜ਼ਿਲ੍ਹੇ 'ਚੋਂ 16ਵਾਂ ਰੈਂਕ ਪ੍ਰਾਪਤ ਕੀਤਾ ਗਿਆ ਹੈ। ਸਕੂਲ ਇੰਚਾਰਜ ਕਾਰਜਕਾਰੀ ਪ੍ਰਿੰਸੀਪਲ ਰੇਖਾ ਨੇ ਦੱਸਿਆ ਕਿ ਵਿਦਿਆਰਥਣ ਹਰਏਕਮ ਕੌਰ ਨੇ 650 'ਚੋਂ 610 (93.84%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਜਦਕਿ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ 650 'ਚੋਂ 598 (92%) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਸੰਦੀਪ ਵਰਮਾ ਨੇ ਵਿਦਿਆਰਥਣਾਂ ਦੇ ਇਸ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਗੱਲਬਾਤ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਪੰਚ ਹਰਜਿੰਦਰ ਕੁਮਾਰ ਮਿੰਟੂ ਪਤਾਰਾ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਰੋਸਾ ਦਿਵਾਇਆ ਕਿ ਪਿੰਡ ਦੀ ਸਮੁੱਚੀ ਪੰਚਾਇਤ ਤੇ ਸਕੂਲ ਪ੍ਰਬੰਧਕ ਕਮੇਟੀ ਵਿਦਿਆਰਥਣਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਏਗੀ।