ਦੋਆਬਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਰਬੀਆਈ ਦਾ ਵਿੱਦਿਅਕ ਦੌਰਾ
ਦੋਆਬਾ ਕਾਲਜ ਦੇ ਵਿਦਿਆਰਥੀਆਂ ਨੇ ਆਰਬੀਆਈ, ਚੰਡੀਗੜ੍ਹ ਦਾ ਵਿੱਦਿਅਕ ਦੌਰਾ ਕੀਤਾ
Publish Date: Mon, 27 Apr 2026 06:48 PM (IST)
Updated Date: Mon, 27 Apr 2026 06:52 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਇਕਨਾਮਿਕਸ ਵਿਭਾਗ ਵੱਲੋਂ ਇੰਸਟੀਚਿਊਸ਼ਨਲ ਇਨੋਵੇਸ਼ਨ ਦੇ ਸਹਿਯੋਗ ਨਾਲ 52 ਵਿਦਿਆਰਥੀਆਂ ਨੂੰ ਆਰਥਿਕ ਸੰਕਲਪਾਂ ਅਤੇ ਅਸਲ ਬੈਂਕਿੰਗ ਪ੍ਰਕਿਰਿਆਵਾਂ ਦੀ ਜਾਣਕਾਰੀ ਦਿਵਾਉਣ, ਉਨ੍ਹਾਂ ਨੂੰ ਕੇਂਦਰੀ ਬੈਂਕ ਦੀ ਬਣਤਰ ਅਤੇ ਕਾਰਜਸ਼ੀਲਤਾ ਦਾ ਪੂਰਾ ਗਿਆਨ ਦਿਵਾਉਣ ਲਈ ਆਰਬੀਆਈ ਚੰਡੀਗੜ੍ਹ ਦੇ ਰਿਜ਼ਨਲ ਦਫ਼ਤਰ ਦਾ ਵਿਦਿਅਕ ਦੌਰਾ ਡਾ. ਸੁਰੇਸ਼ ਮਾਗੋ ਵਿਭਾਗ ਮੁਖੀ ਅਰਥਸ਼ਾਸਤਰ, ਪ੍ਰੋ. ਸੁਖਵਿੰਦਰ ਸਿੰਘ ਵਿਭਾਗਮੁੱਖੀ ਇਤਿਹਾਸ, ਡਾ. ਆਰਤੀ ਬਹਿਲ, ਪ੍ਰੋ. ਵਿਵੇਕ ਅਤੇ ਪ੍ਰੋ. ਅਮਨਪ੍ਰੀਤ ਕੌਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਮੌਕੇ ਡਾ. ਸੁਰੇਸ਼ ਮਾਗੋ ਨੇ ਦੱਸਿਆ ਕਿ ਤਕਨੀਕੀ ਸੈਸ਼ਨਾਂ ਦੀ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਦੇ ਉੱਘੇ ਅਧਿਕਾਰੀਆਂ ਦੇ ਪੈਨਲ ਵਿਚ ਸ਼ਾਮਲ ਸੰਜੀਵ ਸ਼ਰਮਾ, ਅੰਕਿਤ ਗਰਗ ਮੈਨੇਜਰ, ਯੋਗੇਸ਼ ਦਿਓੜਾ ਸਹਾਇਕ ਮੈਨੇਜਰ, ਪੱਲਵੀ ਭਕੋਰ ਸਹਾਇਕ ਸਲਾਹਕਾਰ ਅਤੇ ਅਨੁਰਾਗ ਸ਼੍ਰੀਵਾਸਤਵ ਸਹਾਇਕ ਮੈਨੇਜਰ ਵੱਲੋਂ ਦਿੱਤੀ ਗਈ। ਇਨ੍ਹਾਂ ਸੈਸ਼ਨਾਂ ਵਿੱਚ ਆਧੁਨਿਕ ਬੈਂਕਿਗ ਦੇ ਬੁਨਿਆਦੀ ਥੰਮ੍ਹਾਂ ਨੂੰ ਸ਼ਾਮਲ ਕੀਤਾ ਗਿਆ। ਜਨ ਧਨ ਯੋਜਨਾ ਵਰਗੀਆਂ ਵਿੱਤੀ ਪਹਿਲਕਦਮੀਆਂ, ਡਿਜੀਟਲ ਭੁਗਤਾਨ ਪ੍ਰਣਾਲੀਆਂ, ਖਾਸ ਕਰਕੇ ਯੂ੍ਪੀਆਈ ਤੇ ਤੇਜ਼ ਵਿਕਾਸ ਨੂੰ ਵੀ ਉਜਾਗਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ ’ਤੇ ਮੁਦਰਾ ਨੀਤੀ ਦੇ ਮੁੱਖ ਸਾਧਨ ਰੈਪੋ ਰੇਟ, ਨਕਦ ਰਿਜ਼ਰਵ ਅਨੁਪਾਤ ਕਾਨੂੰਨੀ ਤਰਲਤਾ ਅਨੁਪਾਤ ਅਤੇ ਖੁੱਲ੍ਹੇ ਬਾਜ਼ਾਰ ਕਾਰਜਾਂ, ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਵਿਹਾਰਕ ਗਿਆਨ, ਫਿਸ਼ਿੰਗ ਹਮਲਿਆਂ ਅਤੇ ਓਟੀਪੀ ਧੋਖਾਧੜੀ ਤੋਂ ਆਪਣੇ ਆਪ ਨੂੰ ਬਚਾਉਣ ਦੇ ਤਰੀਕਿਆਂ ਦੀ ਵੀ ਜਾਣਕਾਰੀ ਹਾਸਲ ਕੀਤੀ ਗਈ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਪੀਜੀ ਅਰਥ ਸ਼ਾਸਤਰ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।