ਜਮਾਤ ’ਚ ਭਿੜੇ ਵਿਦਿਆਰਥੀ, ਇਕ ਬੇਹੋਸ਼
ਅਧਿਆਪਕ ਦੀ ਗੈਰ-ਹਾਜ਼ਰੀ ਕਾਰਨ ਕਲਾਸ 'ਚ ਭਿੜੇ ਵਿਦਿਆਰਥੀ, ਇੱਕ ਬੇਹੋਸ਼
Publish Date: Tue, 12 May 2026 10:55 PM (IST)
Updated Date: Tue, 12 May 2026 10:57 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੂਲੇਵਾਲ ਖਹਿਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਅਧਿਆਪਕ ਦੀ ਲਾਪਰਵਾਹੀ ਕਾਰਨ ਇਕ ਘਟਨਾ ਵਾਪਰ ਗਈ। ਜਮਾਤ ’ਚ ਅਧਿਆਪਕ ਨਾ ਹੋਣ ਕਾਰਨ ਨੌਵੀਂ ਜਮਾਤ ਦੇ ਦੋ ਵਿਦਿਆਰਥੀਆਂ ਵਿਚਾਲੇ ਹੋਇਆ ਮਾਮੂਲੀ ਝਗੜਾ ਇੰਨਾ ਵਧ ਗਿਆ ਕਿ ਇਕ ਵਿਦਿਆਰਥੀ ਬੇਹੋਸ਼ ਹੋ ਗਿਆ ਤੇ ਉਸ ਹਸਪਤਾਲ ਪਹੁੰਚਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ’ਚ ਦੂਜਾ ਪੀਰੀਅਡ ਚੱਲ ਰਿਹਾ ਸੀ, ਜੋ ਕਿ ਨੌਵੀਂ ਜਮਾਤ ਦੇ ਸਾਇੰਸ ਅਧਿਆਪਕ ਵੱਲੋਂ ਲਿਆ ਜਾਣਾ ਸੀ। ਸਕੂਲ ਮੁਖੀ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸਾਇੰਸ ਅਧਿਆਪਕ ਨੇ ਕਲਾਸ ਲੈਣ ਤੋਂ ਸਾਫ਼ ਮਨਾ ਕਰ ਦਿੱਤਾ। ਇਸੇ ਦੌਰਾਨ ਦੋ ਵਿਦਿਆਰਥੀਆਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਲੜਾਈ ਦੌਰਾਨ ਇਕ ਵਿਦਿਆਰਥੀ ਦੇ ਗੁੱਝੀ ਸੱਟ ਲੱਗਣ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਪਰ ਗੁੱਸੇ ’ਚ ਆਏ ਦੂਜੇ ਵਿਦਿਆਰਥੀ ਵੱਲੋਂ ਉਸ ਦੀ ਕੁੱਟਮਾਰ ਜਾਰੀ ਰੱਖੀ ਗਈ, ਜਿਸ ਕਾਰਨ ਪੀੜਤ ਵਿਦਿਆਰਥੀ ਦੇ ਨੱਕ ਵਿੱਚੋਂ ਖੂਨ ਵਹਿਣ ਲੱਗ ਪਿਆ। ਜਦੋਂ ਇਸ ਘਟਨਾ ਦਾ ਪਤਾ ਸਕੂਲ ਸਟਾਫ ਨੂੰ ਲੱਗਾ ਤਾਂ ਸਕੂਲ ’ਚ ਹਫੜਾ-ਦਫੜੀ ਮਚ ਗਈ। ਅਧਿਆਪਕਾਂ ਨੇ ਤੁਰੰਤ ਜ਼ਖਮੀ ਵਿਦਿਆਰਥੀ ਨੂੰ ਆਪਣੀ ਨਿੱਜੀ ਕਾਰ ਰਾਹੀਂ ਸ਼ਾਹਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।