ਨਿੱਜੀ ਸਕੂਲਾਂ ਦੀਆਂ ਫੀਸਾਂ ਤੇ ਫੰਡਾਂ ਖ਼ਿਲਾਫ਼ ਕਿਸਾਨਾਂ ਵੱਲੋਂ ਸੰਘਰਸ਼ ਤੇਜ਼
ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਤੇ ਫੰਡਾਂ ਖਿਲਾਫ ਸੰਘਰਸ਼ ਤੇਜ਼, ਕਿਸਾਨ ਜੱਥੇਬੰਦੀਆਂ ਵੱਲੋਂ 48 ਘੰਟੇ ਦਾ ਅਲਟੀਮੇਟਮ
Publish Date: Mon, 20 Apr 2026 09:53 PM (IST)
Updated Date: Mon, 20 Apr 2026 09:54 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਿੱਜੀ ਸਕੂਲਾਂ ਵੱਲੋਂ ਨਾਜਾਇਜ਼ ਫੀਸਾਂ ਤੇ ਫੰਡਾਂ ਦੀ ਵਸੂਲੀ ਦੇ ਦੋਸ਼ਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤਿੱਖਾ ਹੋ ਗਿਆ ਹੈ। ਇਸ ਸਬੰਧੀ ਕਿਸਾਨ ਜੱਥੇਬੰਦੀਆਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦਿਆਂ ਫੀਸ ਰੈਗੂਲੇਟਰੀ ਚੇਅਰਮੈਨ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ। ਮਾਮਲਾ ਉਸ ਵੇਲੇ ਗਰਮਾਇਆ ਜਦੋਂ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਮਾਪਿਆਂ ਵੱਲੋਂ ਲਗਾਏ ਧਰਨੇ ’ਚ ਕਿਸਾਨ ਆਗੂ ਬਾਈ ਨਛੱਤਰ ਸਿੰਘ ਤੇ ਗੁਰਦੀਪ ਸਿੰਘ ਭੰਡਾਲ ਆਪਣੇ ਸਾਥੀਆਂ ਸਮੇਤ ਪੁੱਜੇ। ਇਸ ਦੌਰਾਨ ਥਾਣਾ ਫੱਤੂਢੀਗਾ ਮੁੱਖੀ ਨਾਲ ਆਗੂਆਂ ਦੀ ਤਕਰਾਰ ਵੀ ਹੋ ਗਈ। ਬਾਅਦ ’ਚ ਐੱਸਐੱਚਓ ਸੋਨਪ੍ਰੀਤ ਕੌਰ ਨੇ ਮੌਕੇ ’ਤੇ ਹਾਲਾਤ ਸੰਭਾਲਦਿਆਂ ਆਗੂਆਂ ਨਾਲ ਗੱਲਬਾਤ ਕੀਤੀ ਤੇ ਡੀਸੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ 48 ਘੰਟਿਆਂ ਲਈ ਮੁਲਤਵੀ ਕਰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਮਾਪਿਆਂ ਤੇ ਜਥੇਬੰਦੀਆਂ ਵੱਲੋਂ ਪ੍ਰਾਈਵੇਟ ਸਕੂਲਾਂ ਖਿਲਾਫ ਦਰਜਨਾਂ ਸ਼ਿਕਾਇਤਾਂ ਤੇ ਮੰਗ ਪੱਤਰ ਦਿੱਤੇ ਗਏ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 48 ਘੰਟਿਆਂ ’ਚ ਪ੍ਰਾਈਵੇਟ ਸਕੂਲਾਂ ਦਾ ਆਡਿਟ ਕਰਕੇ ਮਾਪਿਆਂ ਦੀਆਂ ਸ਼ਿਕਾਇਤਾਂ ਦਾ ਹੱਲ ਨਾ ਕੀਤਾ ਗਿਆ ਤਾਂ 23 ਅਪ੍ਰੈਲ ਨੂੰ ਡੀਸੀ ਕੰਪਲੈਕਸ ’ਚ ਪੱਕਾ ਦਿਨ-ਰਾਤ ਦਾ ਧਰਨਾ ਸ਼ੁਰੂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵੱਲੋਂ ਮਸਲੇ ਦੇ ਜਲਦ ਹੱਲ ਲਈ ਮੀਟਿੰਗ ਸੱਦਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਕਈ ਕਿਸਾਨ ਆਗੂ ਤੇ ਪਿੰਡਾਂ ਦੇ ਨੁਮਾਇੰਦੇ ਹਾਜ਼ਰ ਸਨ।