30 ਤੋਂ 40 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ
30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ, ਬਾਅਦ ਵਿੱਚ ਹਲਕੀ ਬੂੰਦਾਬਾਂਦੀ
Publish Date: Mon, 11 May 2026 11:24 PM (IST)
Updated Date: Mon, 11 May 2026 11:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੋਮਵਾਰ ਸਵੇਰੇ ਕਰੀਬ ਸਵਾ ਇਕ ਵਜੇ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ, ਜਿਸ ਕਾਰਨ ਇਲਾਕੇ ’ਚ ਧੂੜ ਭਰੀ ਹਨੇਰੀ ਵਰਗਾ ਮਾਹੌਲ ਬਣ ਗਿਆ। ਇਸ ਦੌਰਾਨ ਕਈ ਦਰੱਖਤਾਂ ਦੀਆਂ ਟਾਹਣੀਆਂ ਟੁੱਟ ਕੇ ਡਿੱਗ ਪਈਆਂ, ਜਿਸ ਨਾਲ ਲੋਕਾਂ ਨੂੰ ਆਵਾਜਾਈ ਤੇ ਘਰਾਂ ਅੰਦਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਧੂੜ ਕਾਰਨ ਕੁਝ ਸਮੇਂ ਲਈ ਦਿੱਖ ਘੱਟ ਹੋ ਗਈ ਤੇ ਹਰ ਪਾਸੇ ਧੂੜ ਹੀ ਧੂੜ ਫੈਲ ਗਈ। ਹਾਲਾਂਕਿ ਕੁਝ ਸਮੇਂ ਬਾਅਦ ਮੌਸਮ ਸਾਫ਼ ਹੋ ਗਿਆ ਤੇ ਦਿਨ ਭਰ ਤੇਜ਼ ਧੁੱਪ ਨਿਕਲਣ ਕਾਰਨ ਤਾਪਮਾਨ ਵਧ ਕੇ 36.6 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜਦਕਿ ਘੱਟੋ-ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਇਸ ਸਬੰਧੀ ਸੰਤਰੀ ਅਲਰਟ ਜਾਰੀ ਕੀਤਾ ਗਿਆ ਸੀ। ਵਿਭਾਗ ਅਨੁਸਾਰ ਦਿਨ ਦੇ ਅਖੀਰ ਤੱਕ ਮੌਸਮ ’ਚ ਫਿਰ ਬਦਲਾਅ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਮੰਗਲਵਾਰ ਤੇ ਬੁੱਧਵਾਰ ਲਈ ਵੀ ਤੇਜ਼ ਹਵਾਵਾਂ ਤੇ ਬਾਰਿਸ਼ ਦੀ ਸੰਭਾਵਨਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਵੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।