ਹੁਸ਼ਿਆਰਪੁਰ ’ਚ ਤੇਜ਼ ਹਨੇਰੀ ਤੇ ਮੀਂਹ ਦਾ ਕਹਿਰ: ਕਈ ਇਲਾਕਿਆਂ ’ਚ ਬਿਜਲੀ ਸਪਲਾਈ ਠੱਪ, ਦਰੱਖਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ
ਬੀਤੀ ਦੇਰ ਰਾਤ ਆਈ ਤੇਜ਼ ਹਨੇਰੀ ਅਤੇ ਝੱਖੜ ਦੇ ਨਾਲ ਪਏ ਮੀਂਹ ਨੇ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਮਚਾਈ ਹੈ। ਸ਼ਹਿਰ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਦਰੱਖਤ ਉੱਖੜ ਕੇ ਬਿਜਲੀ ਦੀਆਂ ਤਾਰਾਂ, ਟਰਾਂਸਫਾਰਮਰਾਂ ਅਤੇ ਸੜਕਾਂ ’ਤੇ ਜਾ ਡਿੱਗੇ, ਜਿਸ ਕਾਰਨ ਕਈ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਆਵਾਜਾਈ ਵੀ ਪ੍ਰਭਾਵਿਤ ਰਹੀ ਹੈ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਰਾਤ ਭਰ ਲੋਕਾਂ ਨੂੰ ਬਿਜਲੀ ਬੰਦ ਰਹਿਣ ਅਤੇ ਰਸਤੇ ਰੁਕਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
Publish Date: Mon, 11 May 2026 12:59 PM (IST)
Updated Date: Mon, 11 May 2026 01:05 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਬੀਤੀ ਦੇਰ ਰਾਤ ਆਈ ਤੇਜ਼ ਹਨੇਰੀ ਅਤੇ ਝੱਖੜ ਦੇ ਨਾਲ ਪਏ ਮੀਂਹ ਨੇ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਮਚਾਈ ਹੈ। ਸ਼ਹਿਰ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਦਰੱਖਤ ਉੱਖੜ ਕੇ ਬਿਜਲੀ ਦੀਆਂ ਤਾਰਾਂ, ਟਰਾਂਸਫਾਰਮਰਾਂ ਅਤੇ ਸੜਕਾਂ ’ਤੇ ਜਾ ਡਿੱਗੇ, ਜਿਸ ਕਾਰਨ ਕਈ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਆਵਾਜਾਈ ਵੀ ਪ੍ਰਭਾਵਿਤ ਰਹੀ ਹੈ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਰਾਤ ਭਰ ਲੋਕਾਂ ਨੂੰ ਬਿਜਲੀ ਬੰਦ ਰਹਿਣ ਅਤੇ ਰਸਤੇ ਰੁਕਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਬੱਸ ਸੇਵਾਵਾਂ ’ਤੇ ਪਿਆ ਅਸਰ
ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਮਿੰਦਰ ਸਿੰਘ ਨੇ ਦੱਸਿਆ ਕਿ ਰਾਤ ਆਈ ਭਾਰੀ ਹਨੇਰੀ ਕਾਰਨ ਹੁਸ਼ਿਆਰਪੁਰ-ਬਾੜੀਖੱਡ ਰੋਡ ’ਤੇ ਦਰੱਖਤ ਡਿੱਗਣ ਨਾਲ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ, ਜਿਸ ਕਰਕੇ ਇਸ ਰੂਟ ’ਤੇ ਬੱਸ ਸੇਵਾਵਾਂ ਰੁਕੀਆਂ ਹੋਈਆਂ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਬਾਕੀ ਰੂਟਾਂ ’ਤੇ ਬੱਸਾਂ ਦੀ ਆਵਾਜਾਈ ਆਮ ਵਾਂਗ ਜਾਰੀ ਹੈ।
ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ
ਪੀ.ਐੱਸ.ਪੀ.ਸੀ.ਐੱਲ. ਸਿਟੀ ਡਿਵੀਜ਼ਨ ਦੇ ਐੱਸ.ਡੀ.ਓ. ਬਲਦੇਵ ਕਟਿਆਲ ਨੇ ਦੱਸਿਆ ਕਿ ਬੀਤੀ ਰਾਤ ਆਈ ਹਨੇਰੀ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ, ਜਿਸਨੂੰ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਾਫ਼ੀ ਹੱਦ ਤੱਕ ਬਹਾਲ ਕਰ ਦਿੱਤਾ ਗਿਆ ਹੈ।
ਸਿਵਲ ਲਾਈਨ ਅਤੇ ਪਿੰਡਾਂ ਵਾਲੇ ਇਲਾਕਿਆਂ ਵਿੱਚ ਵੱਧ ਨੁਕਸਾਨ
ਪੀ.ਐੱਸ.ਪੀ.ਸੀ.ਐੱਲ. ਸਿਵਲ ਲਾਈਨ ਡਿਵੀਜ਼ਨ ਦੇ ਐੱਸ.ਡੀ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਹਨੇਰੀ ਕਾਰਨ ਸਿਵਲ ਲਾਈਨ ਇਲਾਕੇ ਵਿੱਚ ਬਿਜਲੀ ਪ੍ਰਣਾਲੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ ਅਤੇ ਨੁਕਸਾਨ ਦਾ ਅੰਦਾਜ਼ਾ ਹਾਲੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਵਲ ਲਾਈਨ ਡਿਵੀਜ਼ਨ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਹੈ, ਖਾਸ ਕਰਕੇ ਪਿੰਡਾਂ ਵਾਲੇ ਇਲਾਕੇ ਵੱਧ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਰੋਡ ਨਾਲ ਲੱਗਦੇ ਕਈ ਪਿੰਡਾਂ, ਨਾਰਾ ਪਿੰਡ, ਸ਼ੇਰਗੜ੍ਹ ਪਿੰਡ ਅਤੇ ਸ਼ਹਿਰ ਦੇ ਮਾਊਂਟ ਐਵਨਿਊ, ਫਤਿਹਗੜ੍ਹ ਅਤੇ ਰਵਿਦਾਸ ਨਗਰ ਸਮੇਤ ਕਈ ਇਲਾਕਿਆਂ ਵਿੱਚ ਦਰੱਖਤ ਬਿਜਲੀ ਦੀਆਂ ਤਾਰਾਂ ਉੱਤੇ ਡਿੱਗਣ ਕਾਰਨ ਸਪਲਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਕਰਮਚਾਰੀ ਵੱਖ-ਵੱਖ ਥਾਵਾਂ ’ਤੇ ਲਗਾਤਾਰ ਕੰਮ ਕਰ ਰਹੇ ਹਨ ਤਾਂ ਜੋ ਜਲਦ ਤੋਂ ਜਲਦ ਬਿਜਲੀ ਸਪਲਾਈ ਬਹਾਲ ਕੀਤੀ ਜਾ ਸਕੇ।
ਟਰਾਂਸਫਾਰਮਰ ਅਤੇ ਬਿਜਲੀ ਦੇ ਖੰਭੇ ਵੀ ਹੋਏ ਨੁਕਸਾਨੀ
ਪੀ.ਐੱਸ.ਪੀ.ਸੀ.ਐੱਲ. ਮਾਡਲ ਟਾਊਨ ਦੇ ਐੱਸ.ਡੀ.ਓ. ਵਿਕਰਾਂਤ ਜੋਸ਼ੀ ਨੇ ਦੱਸਿਆ ਕਿ ਭਵਾਨੀ ਨਗਰ ਵਿਖੇ ਸਵਰਗ ਆਸ਼ਰਮ ਨੇੜੇ ਦਰੱਖਤ ਡਿੱਗਣ ਕਾਰਨ ਇੱਕ ਟਰਾਂਸਫਾਰਮਰ ਵੀ ਡਿੱਗ ਗਿਆ। ਇਸ ਦੌਰਾਨ ਬਿਜਲੀ ਦੇ ਖੰਭੇ ਅਤੇ ਹਾਈਟੈਂਸ਼ਨ ਤਾਰਾਂ ਵੀ ਟੁੱਟ ਗਈਆਂ। ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਤੁਰੰਤ ਮੁਰੰਮਤ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਟੀਮਾਂ ਮੌਕੇ ’ਤੇ ਤਾਇਨਾਤ ਹਨ।
ਮੀਂਹ ਨਾਲ ਮੌਸਮ ਹੋਇਆ ਸੁਹਾਵਣਾ
ਇਸ ਦੌਰਾਨ ਮੀਂਹ ਪੈਣ ਨਾਲ ਤਾਪਮਾਨ ਵਿੱਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਮੌਸਮ ਸੁਹਾਵਣਾ ਹੋ ਗਿਆ।