ਸਿਹਤ ਵਿਭਾਗ ਦਾ ਵੱਡਾ ਐਕਸ਼ਨ: ਗਲੇ-ਸੜੇ ਤੇ ਕੱਟੇ ਹੋਏ ਫ਼ਲ-ਸਬਜ਼ੀਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ, ਮੌਕੇ ’ਤੇ ਹੀ ਕਰਵਾਏ ਨਸ਼ਟ
ਜ਼ਿਲ੍ਹੇ ਵਿੱਚ ਗਰਮੀਆਂ ਦੇ ਮੌਸਮ ਦੌਰਾਨ ਖ਼ਰਾਬ ਅਤੇ ਕੱਟੇ ਹੋਏ ਫ਼ਲ ਅਤੇ ਸਬਜ਼ੀਆਂ ਦੀ ਵਿਕਰੀ ’ਤੇ ਰੋਕ ਲਗਾਉਂਦੇ ਹੋਏ ਡਿਜਿਗਨੇਟਡ ਅਫ਼ਸਰ-ਕਮ-ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਕੋਈ ਵੀ ਵਿਕਰੇਤਾ ਜ਼ਿਆਦਾ ਪੱਕੇ, ਗਲੇ-ਸੜੇ ਜਾਂ ਕੱਟੇ ਹੋਏ ਫ਼ਲ ਅਤੇ ਸਬਜ਼ੀਆਂ ਨਾ ਵੇਚੇ।
Publish Date: Thu, 21 May 2026 03:47 PM (IST)
Updated Date: Thu, 21 May 2026 03:52 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹੇ ਵਿੱਚ ਗਰਮੀਆਂ ਦੇ ਮੌਸਮ ਦੌਰਾਨ ਖ਼ਰਾਬ ਅਤੇ ਕੱਟੇ ਹੋਏ ਫ਼ਲ ਅਤੇ ਸਬਜ਼ੀਆਂ ਦੀ ਵਿਕਰੀ ’ਤੇ ਰੋਕ ਲਗਾਉਂਦੇ ਹੋਏ ਡਿਜਿਗਨੇਟਡ ਅਫ਼ਸਰ-ਕਮ-ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਕੋਈ ਵੀ ਵਿਕਰੇਤਾ ਜ਼ਿਆਦਾ ਪੱਕੇ, ਗਲੇ-ਸੜੇ ਜਾਂ ਕੱਟੇ ਹੋਏ ਫ਼ਲ ਅਤੇ ਸਬਜ਼ੀਆਂ ਨਾ ਵੇਚੇ।
ਇਹ ਕਾਰਵਾਈ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਅਗਵਾਈ ਵਿੱਚ ਚੱਲ ਰਹੀ ਚੈਕਿੰਗ ਮੁਹਿੰਮ ਤਹਿਤ ਕੀਤੀ ਗਈ।
ਤਲਵਾੜਾ ਦੇ ਪਿੰਡ ਦਾਤਾਰਪੁਰ ਵਿਖੇ ਲਗਾਈ ਫੂਡ ਸੇਫ਼ਟੀ ਵੈਨ
ਇਸੇ ਮੁਹਿੰਮ ਤਹਿਤ ਗਰਮੀਆਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫ਼ਟੀ ਵੈਨ ਰਾਹੀਂ ਤਲਵਾੜਾ ਦੇ ਪਿੰਡ ਦਾਤਾਰਪੁਰ ਵਿਖੇ ਸਬਜ਼ੀ ਅਤੇ ਫ਼ਲ ਵਿਕਰੇਤਾਵਾਂ ਨੂੰ ਵਧੀਆ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਸਬੰਧੀ ਜਾਗਰੂਕ ਕੀਤਾ ਗਿਆ। ਚੈਕਿੰਗ ਦੌਰਾਨ ਟੀਮ ਨੇ ਰੇਹੜੀ-ਫੜੀ ਵਾਲਿਆਂ ਅਤੇ ਦੁਕਾਨਦਾਰਾਂ ਦੇ ਸਮਾਨ ਦੀ ਜਾਂਚ ਕੀਤੀ ਅਤੇ ਮੌਕੇ ’ਤੇ ਮਿਲੇ ਜ਼ਿਆਦਾ ਪੱਕੇ ਹੋਏ ਅਤੇ ਗਲੇ-ਸੜੇ ਫ਼ਲਾਂ ਤੇ ਸਬਜੀਆਂ ਨੂੰ ਦੁਕਾਨਦਾਰਾਂ ਰਾਹੀਂ ਤੁਰੰਤ ਨਸ਼ਟ ਕਰਵਾਇਆ।
ਕੈਮੀਕਲ ਮੁਕਤ ਅਤੇ ਕੁਦਰਤੀ ਫ਼ਲ ਖ਼ਰੀਦਣ ਦੀ ਅਪੀਲ
ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਨੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਬਜ਼ੀ ਜਾਂ ਫ਼ਲ ਜ਼ਿਆਦਾ ਪੱਕਿਆ, ਗਲਿਆ-ਸੜਿਆ ਜਾਂ ਕੱਟਿਆ ਹੋਇਆ ਨਾ ਵੇਚਿਆ ਜਾਵੇ। ਫ਼ਲਾਂ ਅਤੇ ਸਬਜ਼ੀਆਂ ਨੂੰ ਕੈਮੀਕਲਾਂ ਤੋਂ ਬਿਨਾਂ ਕੁਦਰਤੀ ਤਰੀਕੇ ਨਾਲ ਪਕਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋ ਸਕੇ।
ਉਨ੍ਹਾਂ ਆਮ ਲੋਕਾਂ ਨੂੰ ਵੀ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਗਰਮੀਆਂ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬਚਣ ਲਈ ਬਾਜ਼ਾਰ ਵਿੱਚੋਂ ਕੱਟੇ ਹੋਏ, ਜ਼ਿਆਦਾ ਪੱਕੇ ਜਾਂ ਗਲੇ-ਸੜੇ ਫ਼ਲ ਤੇ ਸਬਜ਼ੀਆਂ ਬਿਲਕੁਲ ਨਾ ਖਰੀਦਣ, ਸਿਰਫ਼ ਕੁਦਰਤੀ ਤੌਰ ’ਤੇ ਪੱਕੇ ਹੋਏ ਸਾਫ਼-ਸੁਥਰੇ ਫ਼ਲ ਹੀ ਵਰਤਣ।
ਲਾਇਸੈਂਸ ਅਤੇ ਸਫ਼ਾਈ ਸਬੰਧੀ ਸਖ਼ਤ ਹੁਕਮ
ਡੀ.ਐੱਚ.ਓ. ਡਾ. ਜਤਿੰਦਰ ਭਾਟੀਆ ਅਤੇ ਫੂਡ ਸੇਫਟੀ ਅਫ਼ਸਰ ਮਨੀਸ਼ ਸੋਡੀ ਨੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਐੱਫ ਐੱਸ.ਐੱਸ.ਏ.ਆਈ. ਦੇ ਅਧੀਨ ਲਾਜ਼ਮੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਖ਼ਤੀ ਨਾਲ ਹੁਕਮ ਦਿੱਤੇ ਕਿ ਦੁਕਾਨਾਂ ’ਤੇ ਪੂਰੀ ਸਫ਼ਾਈ ਬਣਾਈ ਰੱਖੀ ਜਾਵੇ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
ਉਨ੍ਹਾਂ ਜਨਤਾ ਨੂੰ ਕਿਹਾ ਕਿ ਜੇਕਰ ਕਿਸੇ ਖਾਧ ਪਦਾਰਥ ਦੀ ਗੁਣਵੱਤਾ ’ਤੇ ਸ਼ੱਕ ਹੋਵੇ, ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨ। ਵਿਭਾਗ ਵੱਲੋਂ ਅਜਿਹੀਆਂ ਸਖ਼ਤ ਅਤੇ ਨਿਯਮਿਤ ਜਾਂਚਾਂ ਅੱਗੇ ਵੀ ਜਾਰੀ ਰਹਿਣਗੀਆਂ।