ਜਾਸ, ਜਲੰਧਰ : ਅਪ੍ਰੈਲ

ਜਾਸ, ਜਲੰਧਰ : ਅਪ੍ਰੈਲ ਦੀ ਵਧਦੀ ਗਰਮੀ ਨੇ ਬੱਚਿਆਂ ਦੀ ਸਿਹਤ 'ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇਕ ਹਫ਼ਤੇ ’ਚ ਪੇਟ ਦਰਦ, ਡਾਇਰੀਆ ਤੇ ਉਲਟੀ ਦੀ ਸ਼ਿਕਾਇਤ ਲੈ ਕੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੀ ਓਪੀਡੀ ’ਚ ਆਉਣ ਵਾਲੇ ਬੱਚਿਆਂ ਦੀ ਗਿਣਤੀ ’ਚ 25 ਫ਼ੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਸਿਵਲ ਹਸਪਤਾਲ ’ਚ ਪਿਛਲੇ ਸੱਤ ਦਿਨਾਂ ’ਚ 7 ਬੱਚਿਆਂ ਨੂੰ ਭਰਤੀ ਕਰਨਾ ਪਿਆ, ਜਿਨ੍ਹਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਤਾਪਮਾਨ ’ਚ ਵਾਧੇ ਨਾਲ ਬਾਹਰ ਦਾ ਦੂਸ਼ਿਤ ਖਾਣਾ ਤੇ ਹੱਥ ਨਾ ਧੋਣ ਦੀ ਆਦਤ ਇਸ ਸਮੱਸਿਆ ਨੂੰ ਵਧਾ ਰਹੀ ਹੈ। ਸਿਵਲ ਹਸਪਤਾਲ ਦੇ ਬਾਲ ਰੋਗ ਮਾਹਿਰ્ઞ ਡਾ. ਐੱਸਐੱਸ ਨਾਂਗਲ ਦੱਸਦੇ ਹਨ ਕਿ ਜਦੋਂ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਬੈਕਟੀਰੀਆ ਤੇ ਵਾਇਰਸ ਤੇਜ਼ੀ ਨਾਲ ਪੈਦਾ ਲੱਗਦੇ ਹਨ। ਇਸ ਮੌਸਮ ’ਚ ਰੋਟਾਵਾਇਰਸ, ਈ-ਕੋਲੀ ਤੇ ਸਾਲਮੋਨੇਲਾ ਦੇ ਕੇਸ ਵਧ ਜਾਂਦੇ ਹਨ। ਪਿਛਲੇ ਇਕ ਹਫ਼ਤੇ ’ਚ ਓਪੀਡੀ ਵਿਚ ਆਉਣ ਵਾਲੇ ਮਰੀਜ਼ਾਂ ’ਚ 20 ਤੋਂ 25 ਫ਼ੀਸਦੀ ਮਰੀਜ਼ ਡਾਇਰੀਆ, ਪੇਟ ਦਰਦ ਤੇ ਉਲਟੀ ਨਾਲ ਸਬੰਧਤ ਹਨ। ਡਾ. ਨਾਂਗਲ ਨੇ ਕਿਹਾ ਕਿ ਜੇ ਬੱਚੇ ਨੂੰ 6 ਘੰਟੇ ਤੋਂ ਪੇਸ਼ਾਬ ਨਾ ਆਵੇ, ਮੂੰਹ ਸੁੱਕੇ, ਜਾਂ ਸੁਸਤ ਹੋਵੇ ਤਾਂ ਤੁਰੰਤ ਹਸਪਤਾਲ ਲੈ ਜਾਣਾ ਚਾਹੀਦਾ ਹੈ। ਗਰਮੀ ’ਚ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਥੋੜ੍ਹੀ ਜਿਹੀ ਲਾਪਰਵਾਹੀ ਹਸਪਤਾਲ ਤੱਕ ਪਹੁੰਚਾ ਸਕਦੀ ਹੈ। ਸਾਫ਼-ਸਫਾਈ ਅਤੇ ਘਰੇਲੂ ਖਾਣਾ ਹੀ ਇਸ ਮੌਸਮ ਦਾ ਸਭ ਤੋਂ ਵੱਡਾ ਇਲਾਜ ਹੈ।
ਬਸਤੀ ਗੁੱਜ਼ਾਂ ’ਚ ਰਹਿਣ ਵਾਲੇ ਅਸ਼ੋਕ ਕੁਮਾਰ ਕਹਿੰਦੇ ਹਨ ਕਿ ਉਨ੍ਹਾਂ ਦੇ 11 ਸਾਲ ਦੇ ਪੁੱਤਰ ਨੂੰ ਦੋ ਦਿਨ ਪਹਿਲਾਂ ਸਕੂਲ ਤੋਂ ਘਰ ਆਉਣ ਮਗਰੋਂ ਪੇਟ ਦਰਦ ਹੋਣ ਦੀ ਸ਼ਿਕਾਇਤ ਹੋਈ। ਇਸ ਤੋਂ ਬਾਅਦ ਅਚਾਨਕ ਪੇਟ ’ਚ ਤੇਜ਼ ਮਰੋੜ ਨਾਲ ਉਲਟੀ ਸ਼ੁਰੂ ਹੋਈ। ਉਸ ਨੇ ਸਕੂਲ ਤੋਂ ਵਾਪਸ ਆਉਂਦੇ ਸਮੇਂ ਠੇਲੇ ਤੋਂ ਬਰਫ ਦਾ ਗੋਲ਼ਾ ਖਾਧਾ ਸੀ। ਰਾਤ ਤੱਕ ਉਸ ਨੂੰ 6-7 ਵਾਰੀ ਦਸਤ ਲੱਗੇ ਤੇ ਸਰੀਰ ’ਚ ਪਾਣੀ ਦੀ ਕਮੀ ਦਿਖਾਈ ਦੇਣ ਲੱਗੀ। ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਪੁੱਜਣ 'ਤੇ ਬੱਚੇ ਨੂੰ ਓਆਰਐੱਸ ਤੇ ਗਲੂਕੋਜ਼ ਦਿੱਤਾ ਗਿਆ। 36 ਘੰਟੇ ਦੇ ਇਲਾਜ ਮਗਰੋਂ ਛੁੱਟੀ ਮਿਲ ਗਈ। ਡਾਕਟਰਾਂ ਨੇ ਇਸ ਨੂੰ 'ਫੂਡ ਪਾਇਜ਼ਨਿੰਗ ਵਿਦ ਐਕਿਊਟ ਗੈਸਟਰੋਐਂਟਰਾਈਟਿਸ' ਦਾ ਮਾਮਲਾ ਦੱਸਿਆ।
ਮਾਡਲ ਹਾਊਸ ਦੀ ਰਹਿਣ ਵਾਲੀ ਰੀਟਾ ਕਹਿੰਦੀ ਹੈ ਕਿ ਉਨ੍ਹਾਂ ਦੀ 9 ਸਾਲ ਦੀ ਸਾਨਵੀ ਨੂੰ ਸਕੂਲ ਦੇ ਟਿਫਿਨ ਮਗਰੋਂ ਪੇਟ ਦਰਦ ਤੇ ਜੀਅ ਘਬਰਾਉਣ ਦੀ ਸ਼ਿਕਾਇਤ ਹੋਈ। ਸ਼ਾਮ ਤੱਕ ਉਸ ਨੂੰ ਬੁਖਾਰ ਦੇ ਨਾਲ ਪਾਣੀ ਵਰਗੇ ਦਸਤ ਸ਼ੁਰੂ ਹੋ ਗਏ। ਉਸ ਨੂੰ ਨਿੱਜੀ ਕਲੀਨਿਕ ਲਿਜਾਇਆ ਗਿਆ ਜਿੱਥੇ ਜ਼ਿੰਕ ਤੇ ਪ੍ਰੋਬਾਇਓਟਿਕ ਨਾਲ ਐਂਟੀਬਾਇਓਟਿਕ ਸ਼ੁਰੂ ਕੀਤੀ ਗਈ। ਉਹ ਕਹਿੰਦੀ ਹੈ ਕਿ ਗਰਮੀ ਕਾਰਨ ਉਹ ਅਕਸਰ ਬਾਹਰੋਂ ਜੂਸ ਤੇ ਕੱਟੇ ਹੋਏ ਫਲ ਮੰਗਵਾਉਂਦੇ ਸਨ ਤੇ ਬੱਚੀ ਬਿਨਾਂ ਹੱਥ ਧੋਏ ਖਾ ਲੈਂਦੀ ਸੀ। ਦੋ ਦਿਨ ’ਚ ਸਾਨਵੀ ਦੀ ਹਾਲਤ ਸਥਿਰ ਹੋ ਗਈ। ਉਸ ਨੂੰ ਸਿਵਲ ਹਸਪਤਾਲ ’ਚ ਵੀ ਬੱਚਿਆਂ ਦੇ ਮਾਹਿਰ ਡਾਕਟਰ ਨੂੰ ਦਿਖਾਇਆ ਗਿਆ।
---
ਤਿੰਨ ਮੁੱਖ ਕਾਰਨ
ਬਾਹਰ ਦਾ ਖਾਣਾ-ਗੋਲਗੱਪੇ, ਚਾਟ, ਬਰਫ ਦੇ ਗੋਲੇ, ਕੱਟੇ ਹੋਏ ਫਲ ਤੇ ਖੁੱਲ੍ਹੇ ’ਚ ਰੱਖੇ ਜੂਸ ’ਚ ਬੈਕਟੀਰੀਆ ਪੈਦਾ ਹੁੰਦਾ ਹੈ।
ਹਾਈਜੀਨ ਦੀ ਕਮੀ-ਖੇਡਣ ਮਗਰੋਂ ਬਿਨਾਂ ਸਾਬਣ ਨਾਲ ਹੱਥ ਧੋਏ ਖਾਣਾ ਖਾ ਲੈਣਾ।
ਪਾਣੀ ਦੀ ਕਮੀ-ਡੀਹਾਈਡਰੇਸ਼ਨ ਨਾਲ ਅੰਤੜੀਆਂ ਦੀ ਪ੍ਰਤੀਰੋਧਕ ਸਮਰੱਥਾ ਘਟਦੀ ਹੈ ਤੇ ਲਾਗ ਜਲਦੀ ਲੱਗਦੀ ਹੈ।
---
ਲੱਛਣ
-ਦਿਨ ਵਿਚ 3 ਤੋਂ ਵੱਧ ਵਾਰੀ ਪਾਣੀ ਵਰਗੇ ਦਸਤ।
-ਵਾਰ-ਵਾਰ ਉਲਟੀ, ਕੁਝ ਵੀ ਪੇਟ ’ਚ ਨਾ ਰੁਕਣਾ।
-ਪੇਟ ’ਚ ਮਰੋੜ ਦੇ ਨਾਲ ਤੇਜ਼ ਦਰਦ।
-ਹਲਕਾ ਜਾਂ ਤੇਜ਼ ਬੁਖਾਰ।
-ਮੂੰਹ ਸੁੱਕਣਾ, ਅੱਖਾਂ ਧੱਸਣੀਆਂ, ਰੋਣ ’ਤੇ ਆਂਸੂ ਨਾ ਆਉਣਾ ਡੀਹਾਈਡ੍ਰੇਸ਼ਨ ਦੇ ਸੰਕੇਤ।
-ਪੇਸ਼ਾਬ ਘੱਟ ਆਉਣਾ ਜਾਂ 6-8 ਘੰਟੇ ਤੱਕ ਨਾ ਆਉਣਾ।
---
ਬਚਾਅ ਤੇ ਹੱਲ
- ਖਾਣਾ ਖਾਣ ਤੋਂ ਪਹਿਲਾਂ, ਪਖਾਨੇ ਮਗਰੋਂ ਤੇ ਬਾਹਰੋਂ ਆਉਣ ’ਤੇ 20 ਸਕਿੰਟ ਤੱਕ ਸਾਬਣ ਨਾਲ ਹੱਥ ਧੁਆਓ।
-ਘਰੇਲੂ ਤਾਜ਼ਾ ਬਣਿਆ ਖਾਣਾ ਦਿਓ। ਬੇਹਾ, ਖੁੱਲ੍ਹੇ ’ਚ ਰੱਖੇ ਜਾਂ ਰੇਹੜੀ ਦੇ ਖਾਣੇ ਤੋਂ ਬਚੋ। ਕੱਟੇ ਫਲ ਘਰ ’ਤੇ ਹੀ ਕੱਟ ਕੇ ਤੁਰੰਤ ਖੁਆਓ।
-ਉਬਲਿਆ ਜਾਂ ਫਿਲਟਰ ਕੀਤਾ ਪਾਣੀ ਹੀ ਪਿਲਾਓ। ਬੱਚੇ ਨੂੰ ਵਾਰ-ਵਾਰ ਥੋੜਾ-ਥੋੜਾ ਪਾਣੀ, ਨਾਰੀਅਲ ਪਾਣੀ, ਲੱਸੀ ਪੀਣ ਲਈ ਦਿਓ।
-ਉਲਟੀ-ਦਸਤ ਸ਼ੁਰੂ ਹੋਣ ’ਤੇ ਡਬਲਯੂਐੱਚਓ ਫਾਰਮੂਲਾ ਵਾਲਾ ਓਆਰਐੱਸ ਘੋਲਣਾ ਸ਼ੁਰੂ ਕਰੋ। ਇਕ ਲੀਟਰ ਪਾਣੀ ’ਚ ਪੂਰਾ ਪੈਕੇਟ ਘੋਲੋ। ਹਰ ਦਸਤ ਮਗਰੋਂ 50-100 ਐੱਮਐੱਲ ਦਿਓ।
-ਕੇਲਾ, ਦਹੀਂ, ਚੌਲ, ਦਲੀਆ, ਸੇਬ ਦੀ ਚਟਨੀ ਵਰਗੀਆਂ ਹਲਕੀ ਚੀਜ਼ਾਂ ਦਿਓ। ਤਲੀ-ਭੁਨੀ, ਮਸਾਲੇਦਾਰ ਤੇ ਪੈਕੇਜ ਕੀਤੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।
- 24 ਘੰਟੇ ਤੋਂ ਵੱਧ ਦਸਤ, ਖੂਨ ਆਉਣਾ, ਤੇਜ਼ ਬੁਖਾਰ, ਜਾਂ ਡੀਹਾਈਡ੍ਰੇਸ਼ਨ ਦੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਬਾਲ ਰੋਗ ਮਾਹਿਰ ਨੂੰ ਮਿਲੋ। ਖ਼ੁਦ ਐਂਟੀਬਾਇਓਟਿਕ ਨਾ ਦਿਓ।