ਸੂਬੇ ਭਰ ਵਿੱਚ ਹੜਤਾਲ, ਜ਼ਿਲ੍ਹੇ ’ਚ ਖੁੱਲ੍ਹੀਆਂ ਰਹੀਆਂ ਦਵਾਈਆਂ ਦੀਆਂ ਦੁਕਾਨਾਂ
ਸੂਬੇ ਭਰ ਵਿੱਚ ਹੜਤਾਲ, ਜ਼ਿਲ੍ਹੇ ’ਚ ਖੁੱਲ੍ਹੀਆਂ ਰਹੀਆਂ ਦਵਾਈਆਂ ਦੀਆਂ ਦੁਕਾਨਾਂ
Publish Date: Wed, 20 May 2026 11:27 PM (IST)
Updated Date: Wed, 20 May 2026 11:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਨਲਾਈਨ ਦਵਾਈਆਂ ਦੀ ਵਿਕਰੀ ਖ਼ਿਲਾਫ਼ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟਸ (ਏਆਈਓਸੀਡੀ) ਤੇ ਪੰਜਾਬ ਕੇਮਿਸਟ ਐਸੋਸੀਏਸ਼ਨ (ਪੀਸੀਏ) ਵੱਲੋਂ ਰਾਸ਼ਟਰੀ ਪੱਧਰ ਦੀ ਮੁਹਿੰਮ ਤਹਿਤ ਬੁੱਧਵਾਰ ਨੂੰ ਦੇਸ਼ ਭਰ ’ਚ ਹੋਲਸੇਲ ਤੇ ਰਿਟੇਲ ਦਵਾਈਆਂ ਦੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟਾਇਆ ਗਿਆ। ਜਲੰਧਰ ’ਚ ਹੋਲਸੇਲ ਅਤੇ ਰਿਟੇਲ ਕੈਮਿਸਟਾਂ ’ਚ ਰਾਜਨੀਤੀ ਕਾਰਨ ਹੜਤਾਲ ਦਾ ਬਾਈਕਾਟ ਰਿਹਾ ਤੇ ਜ਼ਿਲ੍ਹੇ ਭਰ ਵਿੱਚ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਜ਼ਿਲ੍ਹੇ ’ਚ ਲਗਭਗ 450 ਹੋਲਸੇਲ ਤੇ ਕਰੀਬ ਤਿੰਨ ਹਜ਼ਾਰ ਰਿਟੇਲ ਕੈਮਿਸਟਾਂ ਦੀਆਂ ਦੁਕਾਨਾਂ ਹਨ। ਜ਼ਿਲ੍ਹਾ ਜਲੰਧਰ ਕੈਮਿਸਟ ਐਸੋਸੀਏਸ਼ਨ, ਰਿਟੇਲ ਕੈਮਿਸਟ ਐਸੋਸੀਏਸ਼ਨ ਤੇ ਹੋਲਸੇਲ ਕੈਮਿਸਟ ਆਰਗੇਨਾਈਜ਼ੇਸ਼ਨ ’ਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਰਾਜਨੀਤੀ ਕਾਰਨ ਇਨ੍ਹਾਂ ਸੰਸਥਾਵਾਂ ’ਚ ਤਾਲਮੇਲ ਨਹੀਂ ਬਣ ਸਕਿਆ ਤੇ ਹੜਤਾਲ ਲਈ ਸਹਿਮਤੀ ਨਹੀਂ ਬਣੀ। ਹੋਲਸੇਲ ਕੈਮਿਸਟ ਆਰਗੇਨਾਈਜ਼ੇਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਰਿਟੇਲ ਕੈਮਿਸਟ ਤੇ ਜ਼ਿਲ੍ਹਾ ਜਲੰਧਰ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਹੜਤਾਲ ਨੂੰ ਲੈ ਕੇ ਉਨ੍ਹਾਂ ਨਾਲ ਨਾ ਤਾਂ ਕੋਈ ਮੀਟਿੰਗ ਕੀਤੀ ਗਈ ਤੇ ਨਾ ਹੀ ਕੋਈ ਯੋਜਨਾ ਬਣਾਈ ਗਈ। ਇਕ ਦਿਨ ਪਹਿਲਾਂ ਗੱਲਬਾਤ ਦਾ ਦੌਰ ਚੱਲਿਆ ਪਰ ਘੱਟ ਸਮੇਂ ’ਚ ਦੁਕਾਨਾਂ ਬੰਦ ਕਰਨ ਦਾ ਫ਼ੈਸਲਾ ਲੈਣਾ ਮੁਸ਼ਕਲ ਸੀ। ਦੂਜੇ ਪਾਸੇ, ਰਿਟੇਲ ਕੈਮਿਸਟ ਤੇ ਜ਼ਿਲ੍ਹਾ ਜਲੰਧਰ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰਜਕਾਰਨੀ ਦੀ ਟੀਮ ਨੇ ਉਨ੍ਹਾਂ ਨਾਲ ਚਾਰ-ਪੰਜ ਵਾਰ ਸੰਪਰਕ ਕੀਤਾ ਤੇ ਉਨ੍ਹਾਂ ਕੋਲ ਵੀ ਗਈ ਪਰ ਉਨ੍ਹਾਂ ਨੇ ਹੜਤਾਲ ਨੂੰ ਲੈ ਕੇ ਹਮੇਸ਼ਾ ਸਮਰਥਨ ਨਾ ਕਰਨ ਦੀ ਗੱਲ ਕਹੀ। ਐਸੋਸੀਏਸ਼ਨਾਂ ’ਚ ਖਿੱਚੋਤਾਣ ਦੇ ਬਾਵਜੂਦ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ ’ਚ ਏਆਈਓਸੀਡੀ ਦੀ ਮੁਹਿੰਮ ਨੂੰ ਤਿੰਨਾਂ ਐਸੋਸੀਏਸ਼ਨਾਂ ਵੱਲੋਂ ਸਮਰਥਨ ਦੇਣ ਦੀ ਗੱਲ ਕਹੀ ਜਾ ਰਹੀ ਹੈ। ਰਿਟੇਲ ਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੰਜੇ ਸਹਿਗਲ ਨੇ ਕਿਹਾ ਕਿ ਜ਼ਿਲ੍ਹੇ ’ਚ ਕਰੀਬ ਤਿੰਨ ਹਜ਼ਾਰ ਰਿਟੇਲ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਅਤੇ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਸੇਵਾਵਾਂ ਦਿੱਤੀਆਂ ਗਈਆਂ। ਉੱਥੇ ਹੀ ਹੋਲਸੇਲ ਕੈਮਿਸਟ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰੀਸ਼ੂ ਵਰਮਾ ਦਾ ਕਹਿਣਾ ਹੈ ਕਿ ਹੋਲਸੇਲ ਦਵਾਈਆਂ ਦੀਆਂ ਦੁਕਾਨਾਂ ਰੋਜ਼ਾਨਾ ਦੀ ਤਰ੍ਹਾਂ ਖੁੱਲ੍ਹੀਆਂ ਰਹੀਆਂ ਤੇ ਕੰਮਕਾਜ ਪੂਰੀ ਤਰ੍ਹਾਂ ਚੱਲਦਾ ਰਿਹਾ।