ਸੂਬਾ ਸਰਕਾਰ ਵੀ ਕੇਂਦਰ ਵਾਂਗੂ ਟੈਕਸ ਘਟਾਵੇ : ਵਿਜੇ ਸਾਂਪਲਾ
ਦੂਜੇ ਪਾਸੇ, ਮਾਰਚ 2022 ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਸੂਬਾਈ ਟੈਕਸਾਂ ਵਧਾ ਕੇ ਆਮ ਜਨਤਾ 'ਤੇ ਲਗਪਗ 3 ਰੁਪਏ ਪ੍ਰਤੀ ਲੀਟਰ ਦਾ ਵਾਧੂ ਬੋਝ ਪਾਇਆ ਹੈ।
Publish Date: Mon, 25 May 2026 11:40 PM (IST)
Updated Date: Mon, 25 May 2026 11:59 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਪੰਜਾਬ ਦੇ ਲੋਕਾਂ 'ਤੇ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਦਾ ਕੋਈ ਵਾਧੂ ਆਰਥਿਕ ਬੋਝ ਨਾ ਪਏ, ਇਸ ਲਈ ਜਿਵੇਂ 27 ਮਾਰਚ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ 10 ਰੁਪਏ ਪ੍ਰਤੀ ਲੀਟਰ ਟੈਕਸ ਘਟਾ ਕੇ ਤੇਲ ਦੀਆਂ ਵਧੀਆਂ ਕੀਮਤਾਂ ਦਾ ਬੋਝ ਆਪਣੇ ਸਿਰ ਲਿਆ, ਉਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੈਟਰੋਲ ਤੇ ਡੀਜ਼ਲ 'ਤੇ ਵਧੇ 3 ਰੁਪਏ ਪ੍ਰਤੀ ਲੀਟਰ ਦਾ ਬੋਝ ਨੂੰ ਸੂਬਾ ਕਰਾਂ ’ਚ ਕਟੌਤੀ ਕਰਕੇ ਆਪਣੇ ਸਿਰ ਲੈਣਾ ਚਾਹੀਦਾ ਹੈ ਤਾਂ ਜੋ ਬਿਜਾਈ ਦੇ ਇਸ ਮਹੱਤਵਪੂਰਨ ਸਮੇਂ ਦੌਰਾਨ ਕਿਸਾਨਾਂ ਸਮੇਤ ਆਮ ਲੋਕਾਂ 'ਤੇ ਵਾਧੂ ਆਰਥਿਕ ਬੋਝ ਨਾ ਪਏ। ਇਹ ਗੱਲ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕਹੀ ਹੈ। ਵਿਜੇ ਸਾਂਪਲਾ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਤੇ ਹੋਰ ਕੌਮਾਂਤਰੀ ਕਾਰਨਾਂ ਬਾਵਜੂਦ ਕੇਂਦਰ ਦੀ ਭਾਜਪਾ ਸਰਕਾਰ ਨੇ ਅਪ੍ਰੈਲ 2022 ਤੋਂ 14 ਮਈ ਤੱਕ ਲਗਪਗ ਸਵਾ ਚਾਰ ਸਾਲਾਂ ਤੱਕ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ’ਚ ਕੋਈ ਵਾਧਾ ਨਹੀਂ ਕੀਤਾ। ਦੂਜੇ ਪਾਸੇ, ਮਾਰਚ 2022 ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਸੂਬਾਈ ਟੈਕਸਾਂ ਵਧਾ ਕੇ ਆਮ ਜਨਤਾ 'ਤੇ ਲਗਪਗ 3 ਰੁਪਏ ਪ੍ਰਤੀ ਲੀਟਰ ਦਾ ਵਾਧੂ ਬੋਝ ਪਾਇਆ ਹੈ। ਸਾਂਪਲਾ ਨੇ ਕਿਹਾ ਕਿ ਮੌਜੂਦਾ ਜੰਗ ਵਰਗੇ ਹਾਲਾਤ ਕਾਰਨ ਜਿੱਥੇ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤੋਂ ਵਧ ਕੇ 120 ਤੋਂ 130 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਈ ਹੈ, ਉਥੇ ਅਮਰੀਕਾ ’ਚ ਤੇਲ ਦੀਆਂ ਕੀਮਤਾਂ ਵਿਚ ਲਗਪਗ 50 ਫੀਸਦੀ, ਯੂਰਪ ’ਚ 20 ਫੀਸਦੀ, ਪਾਕਿਸਤਾਨ ਵਿਚ 60 ਫੀਸਦੀ ਤੇ ਬੰਗਲਾਦੇਸ਼ ’ਚ 16 ਫੀਸਦੀ ਤੱਕ ਵਾਧਾ ਕੀਤਾ ਗਿਆ ਹੈ। ਇਸ ਦੇ ਬਾਵਜੂਦ ਭਾਰਤ ’ਚ ਸਿਰਫ 3 ਫੀਸਦੀ ਦਾ ਹੀ ਵਾਧਾ ਕੀਤਾ ਗਿਆ ਹੈ। ਵਿਜੇ ਸਾਂਪਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਆਪਣੇ ਟੈਕਸਾਂ ’ਚ ਕਟੌਤੀ ਕਰਕੇ ਇਸ 3 ਰੁਪਏ ਪ੍ਰਤੀ ਲੀਟਰ ਦੀ ਵਾਧੇ ਦਾ ਬੋਝ ਆਪਣੇ ਸਿਰ ਲੈ ਤੇ ਆਮ ਜਨਤਾ ਨੂੰ ਰਾਹਤ ਪ੍ਰਦਾਨ ਕਰੇ।