ਸਪੋਰਟਸ ਹੱਬ ਦਾ ਨਿਰਮਾਣ ਸ਼ੈਡਿਊਲ ਤੋਂ ਪਿੱਛੇ, ਠੇਕੇਦਾਰ ਨੇ 31 ਦਸੰਬਰ ਤੱਕ ਐਕਸਟੈਂਸ਼ਨ ਮੰਗੀ, ਭੁਗਤਾਨ ’ਚ ਦੇਰੀ ਵੀ ਕਾਰਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਰਲਟਨ ਪਾਰਕ ’ਚ ਬਣ ਰਹੇ ਸਪੋਰਟਸ ਹੱਬ ਦੇ ਨਿਰਮਾਣ ’ਚ ਹੋਰ ਦੇਰੀ ਹੋਵੇਗੀ। 78 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਪ੍ਰੋਜੈਕਟ ਨੂੰ ਸਰਕਾਰ ਨੇ ਤੈਅ ਸ਼ੈਡਿਊਲ 31 ਅਗਸਤ 2026 ਤੋਂ ਪਹਿਲਾਂ ਹੀ 30 ਜੂਨ 2026 ਤੱਕ ਪੂਰਾ ਕਰਨ ਦਾ ਦਾਅਵਾ ਕੀਤਾ ਸੀ ਪਰ ਹੁਣ ਇਹ ਪ੍ਰੋਜੈਕਟ ਅਧਿਕਾਰਕ ਸਮੇਂ ਅੰਦਰ ਵੀ ਪੂਰਾ ਹੁੰਦਾ ਨਹੀਂ ਦਿਸ ਰਿਹਾ। ਕੰਮ ਪੂਰਾ ਕਰਨ ਲਈ ਠੇਕੇਦਾਰ ਨੇ 31 ਦਸੰਬਰ 2026 ਤੱਕ ਸਮਾਂ ਵਧਾਉਣ ਦੀ ਮੰਗ ਕੀਤੀ ਹੈ। ਠੇਕੇਦਾਰ ਨੇ ਐਕਸਟੈਂਸ਼ਨ ਮੰਗਣ ਦੇ ਦੋ ਮੁੱਖ ਕਾਰਨ ਦੱਸੇ ਹਨ। ਪਹਿਲਾ ਮੈਦਾਨ ਵਿੱਚ ਦਰੱਖਤਾਂ ਦੀ ਕਟਾਈ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਸੀ, ਜਿਸ ਕਰਕੇ ਕੰਮ ਸ਼ੁਰੂ ਨਹੀਂ ਹੋ ਸਕਿਆ। ਦੂਜਾ, ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ਵਿਚ ਸਰਕਸ ਲੱਗੀ ਹੋਈ ਸੀ। ਇਸ ਪ੍ਰੋਜੈਕਟ ਦਾ ਕੰਮ ਜੂਨ 2025 ਵਿੱਚ ਸ਼ੁਰੂ ਹੋਣਾ ਸੀ ਪਰ ਕਾਨੂੰਨੀ ਰੁਕਾਵਟਾਂ ਅਤੇ ਮੈਦਾਨ ਖਾਲੀ ਨਾ ਹੋਣ ਕਾਰਨ ਕੰਮ ਦਸੰਬਰ 2025 ਵਿੱਚ ਸ਼ੁਰੂ ਹੋਇਆ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਵੱਧ ਤੋਂ ਵੱਧ 31 ਅਕਤੂਬਰ ਤੱਕ ਦੀ ਐਕਸਟੈਂਸ਼ਨ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਭੁਗਤਾਨ ਵਿੱਚ ਦੇਰੀ ਅਤੇ ਸਿਆਸੀ ਬਦਲੀਆਂ ਕਾਰਨ ਵੀ ਕੰਮ ਦੀ ਗਤੀ ਹੌਲੀ ਹੋ ਗਈ ਹੈ। ਲੇਬਰ ਘਟਾਉਣ ਦੀ ਵੀ ਚਰਚਾ ਹੈ। ਠੇਕੇਦਾਰ ਨੂੰ ਹੁਣ ਤੱਕ 29 ਕਰੋੜ ਰੁਪਏ ਦੀ ਅਦਾਇਗੀ ਹੋਈ ਹੈ ਅਤੇ ਉਹ ਲਗਭਗ 60 ਫੀਸਦੀ ਕੰਮ ਪੂਰਾ ਕਰ ਚੁੱਕਾ ਹੈ। ਇਹ ਸਪੋਰਟਸ ਹੱਬ ਸਮਾਰਟ ਸਿਟੀ ਫੰਡ ਨਾਲ ਬਣਾਇਆ ਜਾ ਰਿਹਾ ਹੈ। ਬਰਲਟਨ ਪਾਰਕ ’ਚ ਇਸ ਦੀ ਯੋਜਨਾ ਸਭ ਤੋਂ ਪਹਿਲਾਂ 2011 ਵਿੱਚ ਤਤਕਾਲੀ ਮੇਅਰ ਰਾਕੇਸ਼ ਰਾਠੌਰ ਨੇ ਬਣਾਈ ਸੀ ਪਰ ਉਸ ਸਮੇਂ ਇਹ ਅੱਗੇ ਨਹੀਂ ਵਧੀ। ਬਾਅਦ ’ਚ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਤਤਕਾਲੀ ਮੇਅਰ ਸੁਨੀਲ ਜੋਤੀ ਨੇ ਡੀਟੇਲ ਪ੍ਰੋਜੈਕਟ ਰਿਪੋਰਟ ਤਿਆਰ ਕਰਵਾਈ ਅਤੇ ਟੈਂਡਰ ਜਾਰੀ ਕੀਤੇ। ਕਈ ਤਬਦੀਲੀਆਂ ਤੋਂ ਬਾਅਦ ਮੌਜੂਦਾ ਮੇਅਰ ਵਨੀਤ ਧੀਰ ਨੇ ਇਸ ਦਾ ਨਿਰਮਾਣ ਸ਼ੁਰੂ ਕਰਵਾਇਆ। ਸੀਐੱਮ ਭਗਵੰਤ ਮਾਨ ਨੇ ਇਸ ਦੀ ਨੀਂਹ ਰੱਖੀ ਸੀ।