ਬੇਕਾਬੂ ਟਰੱਕ ਚਾਲਕ ਵਲੋਂ ਚਾਰ ਲੋਕਾਂ ਨੂੰ ਟੱਕਰ ਮਾਰਨ ਤੇ ਇੱਕ ਔਰਤ ਸਮੇਤ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਅਹਿਆਪੁਰ ਤੇ ਹਰਭਜਨ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਮਿਆਣੀ ਥਾਣਾ ਟਾਂਡਾ ਵਜੋਂ ਹੋਈ ਜਦਕਿ ਜ਼ਖ਼ਮੀਆਂ ਦੀ ਪਛਾਣ ਸਰਵਣ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਪੱਸੀ ਵੇਟ ਤੇ ਅਵਤਾਰ ਸਿੰਘ ਕਾਲਾ ਪੁੱਤਰ ਗੋਪਾਲ ਸਿੰਘ ਵਾਸੀ ਮਿਆਣੀ ਥਾਣਾ ਟਾਂਡਾ ਵਜੋਂ ਹੋਈ ।

ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ , ਟਾਂਡਾ ਉੜਮੁੜ : ਸ਼ੁੱਕਰਵਾਰ ਸ਼ਾਮ ਇੱਕ ਬੇਕਾਬੂ ਟਰੱਕ ਚਾਲਕ ਵਲੋਂ ਚਾਰ ਲੋਕਾਂ ਨੂੰ ਟੱਕਰ ਮਾਰਨ ਤੇ ਇੱਕ ਔਰਤ ਸਮੇਤ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਅਹਿਆਪੁਰ ਤੇ ਹਰਭਜਨ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਮਿਆਣੀ ਥਾਣਾ ਟਾਂਡਾ ਵਜੋਂ ਹੋਈ ਜਦਕਿ ਜ਼ਖ਼ਮੀਆਂ ਦੀ ਪਛਾਣ ਸਰਵਣ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਪੱਸੀ ਵੇਟ ਤੇ ਅਵਤਾਰ ਸਿੰਘ ਕਾਲਾ ਪੁੱਤਰ ਗੋਪਾਲ ਸਿੰਘ ਵਾਸੀ ਮਿਆਣੀ ਥਾਣਾ ਟਾਂਡਾ ਵਜੋਂ ਹੋਈ ।
ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਵਕਤ ਕਰੀਬ ਪੰਜ ਸਵਾ ਪੰਜ ਵਜੇ ਅਸ਼ਵਨੀ ਕੁਮਾਰ ਆਪਣੇ ਦੋ ਲੜਕੀਆਂ ਤੇ ਪਤਨੀ ਸਮੇਤ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਮਿਆਣੀ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਗੁਰਦੁਆਰਾ ਸ੍ਰੀ ਪੁਲ ਪੁਖਤਾ ਸਾਹਿਬ ਦੇ ਨੇੜੇ ਪਹੁੰਚਿਆ ਤਾਂ ਕਿਸੇ ਕਾਰਨ ਮੋਟਰਸਾਈਕਲ ਰੋਕ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਪਿਛਿਉਂ ਟਾਂਡਾ ਵਾਲੇ ਪਾਸੇ ਤੋਂ ਆਏ ਇੱਕ ਬੇਕਾਬੂ ਟਰੱਕ ਨੇ ਅਸ਼ਵਨੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ। ਟਰੱਕ ਚਾਲਕ ਮੌਕੇ ਤੇ ਸਮੇਤ ਟਰੱਕ ਫ਼ਰਾਰ ਹੋ ਗਿਆ। ਉਸ ਤੋਂ ਬਾਅਦ ਇਸ ਬੇਕਾਬੂ ਟਰੱਕ ਚਾਲਕ ਨੇ ਮਿਆਣੀ ਸੜਕ ਤੇ ਗੁਰਦੁਆਰਾ ਪੁਲ ਪੁਖਤਾ ਸਾਹਿਬ ਤੋਂ ਸੇਵਾ ਕਰਕੇ ਵਾਪਸ ਜਾ ਰਹੀ ਇੱਕ ਔਰਤ ਹਰਭਜਨ ਕੌਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਵੀ ਮੌਕੇ ਤੇ ਮੌਤ ਹੋ ਗਈ। ਇਸ ਤੋਂ ਬਾਅਦ ਇਸ ਬੇਕਾਬੂ ਟਰੱਕ ਚਾਲਕ ਨੇ ਮਿਆਣੀ ਸੜਕ ਤੇ ਇੱਕ ਮਰੂਤੀ ਆਰਟਿਗਾ ਕਾਰ ਜਿਸ ਵਿੱਚ 7 ਲੋਕ ਸਵਾਰ ਸਨ ਨੂੰ ਟੱਕਰ ਮਾਰ ਦਿੱਤੀ , ਜਿਸ ਕਾਰਨ ਕਾਰ ਚਾਲਕ ਸਰਵਣ੍ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਕਾਰ ਵਿਚ ਬੈਠੇ ਬਾਕੀ ਪਰਿਵਾਰਿਕ ਮੈਂਬਰਾਂ ਸਰਕਾਰੀ ਹਸਪਤਾਲ ਦਸੂਹਾ ਦਾਖਲ ਕਰਵਾਇਆ ਜਿਥੇ ਉਹ ਜੇਰੇ ਇਲਾਜ ਹੈ । ਇਸ ਤੋਂ ਬਾਅਦ ਉਕਤ ਟਰੱਕ ਚਾਲਕ ਨੇ ਮਿਆਣੀ ਸੜਕ ਤੇ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਅਵਤਾਰ ਸਿੰਘ ਕਾਲਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਬਖਤਾਵਰ ਸਿੰਘ ਦੀ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆਂ ਜਿੱਥੇ ਡਾਕਟਰਾਂ ਜ਼ਖਮੀ ਦੀ ਗੰਭੀਰ ਹਾਲਤ ਵੇਖਦੇ ਹੋਏ ਅੱਗੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ । ਇਸ ਹਾਦਸੇ ਦੀ ਸੂਚਨਾ ਮਿਲਣ ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਮੌਕੇ ਤੇ ਸਰਕਾਰੀ ਹਸਪਤਾਲ ਟਾਂਡਾ ਪਹੁੰਚੇ ਤੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।
ਪੁਲਿਸ ਨੇ ਟਰੱਕ ਨੂੰ ਚਾਲਕ ਸਮੇਤ ਕਾਬੂ ਕਰ ਲਿਆ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚੳ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇੰਨ੍ਹਾਂ ਹਾਦਸਿਆਂ ਦੀ ਸੂਚਨਾ ਮਿਲਣ ਤੇ ਟਾਂਡਾ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਟਰੱਕ ਨੂੰ ਚਾਲਕ ਸਮੇਤ ਕਾਬੂ ਕਰ ਲਿਆ ਤੇ ਮ੍ਰਿਤਕਾ ਦੀਆਂ ਲਾਸ਼ਾਂ ਆਪਣੇ ਕਬਜ਼ੇ ਵਿਚ ਲੈ ਕੇ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।