ਚਿਕ-ਚਿਕ ਚੌਕ ’ਚ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ
ਚਿਕ-ਚਿਕ ਚੌਕ 'ਤੇ ਮੰਗਲਵਾਰ ਨੂੰ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਟਕਰਾਇਆ ਤੇ ਫਿਰ ਇਕ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਕਾਫੀ ਨੁਕਸਾਨੀ ਗਈ ਤੇ ਇਸ ਦੇ ਏਅਰਬੈਗ ਵੀ ਖੁੱਲ੍ਹ ਗਏ।
Publish Date: Tue, 26 May 2026 07:47 PM (IST)
Updated Date: Tue, 26 May 2026 07:49 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਚਿਕ-ਚਿਕ ਚੌਕ 'ਤੇ ਮੰਗਲਵਾਰ ਨੂੰ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਟਕਰਾਇਆ ਤੇ ਫਿਰ ਇਕ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਕਾਫੀ ਨੁਕਸਾਨੀ ਗਈ ਤੇ ਇਸ ਦੇ ਏਅਰਬੈਗ ਵੀ ਖੁੱਲ੍ਹ ਗਏ। ਖੁਸ਼ਕਿਸਮਤੀ ਨਾਲ, ਇਸ ਹਾਦਸੇ ਵਿਚ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਮੌਕੇ 'ਤੇ ਦੋਵਾਂ ਵਾਹਨ ਚਾਲਕਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਦੇਖਦਿਆਂ ਹੀ ਦੇਖਦਿਆਂ ਚੌਕ ’ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਤੁਰੰਤ ਘਟਨਾ ਦੀ ਜਾਣਕਾਰੀ ਡਾਇਲ 112 ਤੇ ਥਾਣਾ ਨੰਬਰ 2 ਦੀ ਪੁਲਿਸ ਨੂੰ ਦਿੱਤੀ। ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ। ਲੋਕਾਂ ਅਨੁਸਾਰ, ਟਰੱਕ ਤੇਜ਼ ਰਫ਼ਤਾਰ 'ਚ ਸੀ ਤੇ ਡਰਾਈਵਰ ਵਾਹਨ ’ਤੇ ਕਾਬੂ ਨਹੀਂ ਰੱਖ ਸਕਿਆ, ਜਿਸ ਕਾਰਨ ਉਹ ਪਹਿਲਾਂ ਡਿਵਾਈਡਰ ਨਾਲ ਟਕਰਾਇਆ ਤੇ ਫਿਰ ਕਾਰ ਨੂੰ ਟੱਕਰ ਮਾਰੀ। ਹਾਲਾਂਕਿ, ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਹ ਆਪਣੀ ਸਹੀ ਦਿਸ਼ਾ ’ਚ ਜਾ ਰਿਹਾ ਸੀ ਤੇ ਕਾਰ ਅਚਾਨਕ ਸਾਹਮਣੇ ਆ ਗਈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ 2 ਦੇ ਏਐੱਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਟਰੱਕ ਨਕੋਦਰ ਸਾਈਡ ਤੋਂ ਆ ਰਿਹਾ ਸੀ। ਇਸ ਦੌਰਾਨ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਟਰੱਕ ਦੀ ਕਾਰ ਟੱਕਰ ਹੋ ਗਈ। ਹਾਦਸੇ ਮਗਰੋਂ ਦੋਵਾਂ ਧਿਰਾਂ ਵਿਚਕਾਰ ਵਿਵਾਦ ਹੋ ਗਿਆ ਸੀ। ਦੋਵਾਂ ਦੇ ਬਿਆਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਚੌਕ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾਵੇਗੀ।