ਨਿਸ਼ਕਾਮ ਸੇਵਾ ਆਤਮਿਕ ਉੱਨਤੀ ਦਾ ਮਾਧਿਅਮ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿੱਚ ਸੇਵਾਦਾਰਾਂ ਦੇ ਉਤਸ਼ਾਹ ਵਧਾਉਣ ਲਈ ਵਿਸ਼ੇਸ਼ ਮਾਸਿਕ ਸਤਸੰਗ ਕਰਵਾਇਆ
Publish Date: Tue, 12 May 2026 07:53 PM (IST)
Updated Date: Tue, 12 May 2026 07:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਨੂਰਮਹਿਲ ਆਸ਼ਰਮ ’ਚ ਮਹੀਨਾਵਾਰ ਸਤਿਸੰਗ ਪ੍ਰੋਗਰਾਮ ਸ਼ਰਧਾ, ਭਗਤੀ ਤੇ ਉਤਸ਼ਾਹ ਭਰੇ ਮਾਹੌਲ ’ਚ ਕਰਵਾਇਆ ਗਿਆ। ਇਹ ਵਿਸ਼ੇਸ਼ ਪ੍ਰੋਗਰਾਮ ਉਨ੍ਹਾਂ ਸੇਵਾਦਾਰਾਂ ਨੂੰ ਸਮਰਪਿਤ ਕੀਤਾ ਗਿਆ, ਜੋ ਸਾਲ ਭਰ ਵੱਖ-ਵੱਖ ਵਿਭਾਗਾਂ ’ਚ ਤਨ, ਮਨ ਅਤੇ ਨਿਸ਼ਠਾ ਨਾਲ ਨਿਰੰਤਰ ਸੇਵਾ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਪ੍ਰੋਗਰਾਮ ਦਾ ਉਦੇਸ਼ ਸੇਵਾਦਾਰਾਂ ਦੇ ਉਤਸ਼ਾਹ ਨੂੰ ਵਧਾਉਣਾ ਰਿਹਾ। ਸਮਾਗਮ ਦੌਰਾਨ ਆਸ਼ਰਮ ਪਰਿਸਰ ਭਗਤੀਮਈ ਭਜਨਾਂ ਤੇ ਅਧਿਆਤਮਿਕ ਮਾਹੌਲ ਨਾਲ ਓਤ-ਪ੍ਰੋਤ ਰਿਹਾ। ਸੰਗਤ ਨੇ ਭਜਨਾਂ ਦਾ ਅਨੰਦ ਲੈਂਦੇ ਹੋਏ ਗੁਰੂ ਚਰਨਾਂ ਵਿੱਚ ਆਪਣੀ ਸ਼ਰਧਾ ਅਰਪਿਤ ਕੀਤੀ ਅਤੇ ਸਤਿਸੰਗ ਦਾ ਅਧਿਆਤਮਿਕ ਲਾਭ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਸਵਾਮੀ ਵਿਸ਼ਵਾਨੰਦ ਤੇ ਸਵਾਮੀ ਚਿਨਮਯਾਨੰਦ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਸੇਵਾ ਦੇ ਮਹੱਤਵ ’ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਨਿਸ਼ਕਾਮ ਸੇਵਾ ਕੇਵਲ ਬਾਹਰੀ ਕਾਰਜ ਨਹੀਂ, ਸਗੋਂ ਆਤਮਿਕ ਉੱਨਤੀ ਦਾ ਮਾਧਿਅਮ ਹੈ। ਜਦੋਂ ਮਨੁੱਖ ਬਿਨਾਂ ਕਿਸੇ ਉਮੀਦ ਦੇ ਮਨੁੱਖਤਾ ਅਤੇ ਗੁਰੂ ਕਾਰਜ ’ਚ ਯੋਗਦਾਨ ਦਿੰਦਾ ਹੈ, ਉਦੋਂ ਹੀ ਉਸਦੇ ਜੀਵਨ ਵਿੱਚ ਸੱਚੀ ਸੰਤੁਸ਼ਟੀ ਅਤੇ ਅਧਿਆਤਮਿਕ ਪ੍ਰਗਤੀ ਦਾ ਸੰਚਾਰ ਹੁੰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਸੰਸਥਾਨ ਦੇ ਵੱਖ-ਵੱਖ ਸੇਵਾ ਵਿਭਾਗਾਂ ਵਿੱਚ ਕਾਰਜਰਤ ਸੇਵਾਦਾਰ ਸਮਾਜ ਵਿੱਚ ਪ੍ਰੇਮ, ਸਹਿਯੋਗ ਅਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦਾ ਸੇਵਾ ਭਾਵ ਹੋਰ ਲੋਕਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਸਮਾਗਮ ਦੌਰਾਨ ਹਾਜ਼ਰ ਸੰਗਤ ਨੇ ਆਧਿਆਤਮਿਕ ਵਿਚਾਰਾਂ ਅਤੇ ਭਗਤੀ ਰਸ ਨਾਲ ਭਰਪੂਰ ਮਾਹੌਲ ਦਾ ਆਨੰਦ ਮਾਣਿਆ। ਇਸ ਪ੍ਰੋਗਰਾਮ ਨੇ ਸਭ ਦੇ ਅੰਦਰ ਸੇਵਾ, ਸਮਰਪਣ ਅਤੇ ਗੁਰੂ ਭਗਤੀ ਦੀ ਭਾਵਨਾ ਨੂੰ ਹੋਰ ਵੀ ਮਜ਼ਬੂਤ ਕੀਤਾ।