ਨਿਸ਼ਕਾਮ ਸੇਵਾ ਆਤਮਿਕ ਉੱਨਤੀ ਦਾ ਮਾਧਿਅਮ : ਸਵਾਮੀ ਵਿਸ਼ਵਾਨੰਦ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ’ਚ ਸੇਵਾਦਾਰਾਂ ਦੇ ਉਤਸ਼ਾਹ ਵਧਾਉਣ ਲਈ ਵਿਸ਼ੇਸ਼ ਮਾਸਿਕ ਸਤਸੰਗ ਕਰਵਾਇਆ
Publish Date: Wed, 13 May 2026 07:05 PM (IST)
Updated Date: Thu, 14 May 2026 04:10 AM (IST)

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਵਿਸ਼ੇਸ਼ ਮਾਸਿਕ ਸਤਿਸੰਗ ਕਰਵਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਨੂਰਮਹਿਲ ਆਸ਼ਰਮ ’ਚ ਮਾਸਿਕ ਸਤਿਸੰਗ ਪ੍ਰੋਗਰਾਮ ਸ਼ਰਧਾ, ਭਗਤੀ ਤੇ ਉਤਸ਼ਾਹ ਭਰੇ ਮਾਹੌਲ ’ਚ ਕਰਵਾਇਆ। ਇਹ ਵਿਸ਼ੇਸ਼ ਪ੍ਰੋਗਰਾਮ ਉਹਨਾਂ ਸੇਵਾਦਾਰਾਂ ਨੂੰ ਸਮਰਪਿਤ ਕੀਤਾ ਗਿਆ, ਜੋ ਸਾਲ ਭਰ ਵੱਖ-ਵੱਖ ਵਿਭਾਗਾਂ ਵਿੱਚ ਤਨ, ਮਨ ਅਤੇ ਨਿਸ਼ਠਾ ਨਾਲ ਨਿਰੰਤਰ ਸੇਵਾ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਪ੍ਰੋਗਰਾਮ ਦਾ ਉਦੇਸ਼ ਸੇਵਾਦਾਰਾਂ ਦੇ ਉਤਸ਼ਾਹ ਨੂੰ ਵਧਾਉਣਾ ਰਿਹਾ। ਸਮਾਗਮ ਦੌਰਾਨ ਆਸ਼ਰਮ ਪਰਿਸਰ ਭਗਤੀਮਈ ਭਜਨਾਂ ਅਤੇ ਆਧਿਆਤਮਿਕ ਮਾਹੌਲ ਨਾਲ ਓਤ-ਪ੍ਰੋਤ ਰਿਹਾ। ਸੰਗਤ ਨੇ ਭਜਨਾਂ ਦਾ ਅਨੰਦ ਲੈਂਦੇ ਹੋਏ ਗੁਰੂ ਚਰਨਾਂ ਵਿੱਚ ਆਪਣੀ ਸ਼ਰਧਾ ਅਰਪਿਤ ਕੀਤੀ ਅਤੇ ਸਤਸੰਗ ਦਾ ਆਧਿਆਤਮਿਕ ਲਾਭ ਪ੍ਰਾਪਤ ਕੀਤਾ। ਇਸ ਮੌਕੇ ਸਵਾਮੀ ਵਿਸ਼ਵਾਨੰਦ ਜੀ ਤੇ ਸਵਾਮੀ ਚਿਨਮਯਾਨੰਦ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਸੇਵਾ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਹਨਾਂ ਕਿਹਾ ਕਿ ਨਿਸ਼ਕਾਮ ਸੇਵਾ ਕੇਵਲ ਬਾਹਰੀ ਕਾਰਜ ਨਹੀਂ, ਸਗੋਂ ਆਤਮਿਕ ਉੱਨਤੀ ਦਾ ਮਾਧਿਅਮ ਹੈ। ਜਦੋਂ ਮਨੁੱਖ ਬਿਨਾ ਕਿਸੇ ਉਮੀਦ ਦੇ ਮਨੁੱਖਤਾ ਅਤੇ ਗੁਰੂ ਕਾਰਜ ਵਿੱਚ ਆਪਣਾ ਯੋਗਦਾਨ ਦਿੰਦਾ ਹੈ, ਤਦ ਹੀ ਉਸਦੇ ਜੀਵਨ ਵਿੱਚ ਸੱਚੀ ਸੰਤੁਸ਼ਟੀ ਅਤੇ ਆਧਿਆਤਮਿਕ ਪ੍ਰਗਤੀ ਦਾ ਸੰਚਾਰ ਹੁੰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਸੰਸਥਾਨ ਦੇ ਵੱਖ-ਵੱਖ ਸੇਵਾ ਵਿਭਾਗਾਂ ’ਚ ਕਾਰਜਰਤ ਸੇਵਾਦਾਰ ਸਮਾਜ ਵਿੱਚ ਪ੍ਰੇਮ, ਸਹਿਯੋਗ ਅਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਹਨਾਂ ਦਾ ਸੇਵਾ ਭਾਵ ਹੋਰ ਲੋਕਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਸਮਾਗਮ ਦੌਰਾਨ ਹਾਜ਼ਰ ਸੰਗਤ ਨੇ ਆਧਿਆਤਮਿਕ ਵਿਚਾਰਾਂ ਅਤੇ ਭਗਤੀ ਰਸ ਨਾਲ ਭਰਪੂਰ ਮਾਹੌਲ ਦਾ ਆਨੰਦ ਮਾਣਿਆ। ਇਸ ਪ੍ਰੋਗਰਾਮ ਨੇ ਸਭ ਦੇ ਅੰਦਰ ਸੇਵਾ, ਸਮਰਪਣ ਅਤੇ ਗੁਰੂ ਭਗਤੀ ਦੀ ਭਾਵਨਾ ਨੂੰ ਹੋਰ ਵੀ ਮਜ਼ਬੂਤ ਕੀਤਾ।