ਸਰਕਾਰੀ ਹਸਪਤਾਲਾਂ ’ਚ ਖਾਸ ਕੂਲਿੰਗ ਵਾਰਡ ਸਥਾਪਤ
-ਸਿਹਤ ਵਿਭਾਗ ਨੇ ਜਾਰੀ
Publish Date: Tue, 19 May 2026 10:26 PM (IST)
Updated Date: Tue, 19 May 2026 10:28 PM (IST)
-ਸਿਹਤ ਵਿਭਾਗ ਨੇ ਜਾਰੀ ਕੀਤੀ ਸਲਾਹ, ਐਂਬੂਲੈਂਸਾਂ ’ਚ ਆਈਸ-ਪੈਕ ਤੇ ਓਆਰਐੱਸ ਦੇ ਵੀ ਕੀਤੇ ਪ੍ਰਬੰਧ, ਸਿਵਲ ਸਰਜਨ ਨੇ ਜਾਰੀ ਕੀਤੇ ਨਿਰਦੇਸ਼
ਜਾਸ, ਜਲੰਧਰ : ਮੌਸਮ ਵਿਭਾਗ ਵੱਲੋਂ ਸੂਬੇ ’ਚ 18 ਤੋਂ 24 ਮਈ ਤੱਕ ‘ਹੀਟ ਵੇਵ’ (ਲੂ) ਚੱਲਣ ’ਤੇ ਤਾਪਮਾਨ 45 ਡਿਗਰੀ ਤੱਕ ਪੁੱਜਣ ਦੇ ਸੰਕੇਤ ਦਿੱਤੇ ਗਏ ਹਨ। ਇਸ ਸਬੰਧੀ ਸਿਹਤ ਵਿਭਾਗ ਨੇ ਲੋਕਾਂ ਲਈ ਇਕ ਮਸ਼ਵਰਾ ਜਾਰੀ ਕੀਤੀ ਹੈ। ਇਸ ਦੇ ਨਾਲ-ਨਾਲ, ਐਂਬੂਲੈਂਸਾਂ ’ਚ ਆਈਸ-ਪੈਕ ਅਤੇ ਓਆਰਐੱਸ ਦੇ ਪ੍ਰਬੰਧ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ’ਚ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਨੇ ਕਿਹਾ ਤਿੱਖੀ ਧੁੱਪ ਤੇ ਗਰਮ ਹਵਾਵਾਂ ਕਾਰਨ ‘ਹੀਟ ਸਟ੍ਰੋਕ’ (ਲੂ ਲੱਗਣ) ਦਾ ਖ਼ਤਰਾ ਵਧ ਗਿਆ ਹੈ। ਇਸ ਲਈ ਲੋਕਾਂ ਨੂੰ ਆਪਣੇ ਰੁਝੇਵਿਆਂ ’ਚ ਬਦਲਾਅ ਲਿਆਉਣ ਦੀ ਲੋੜ ਹੈ।
ਉਨ੍ਹਾਂ ਨੇ ਸਲਾਹ ਦਿੱਤੀ ਕਿ ਦੁਪਹਿਰ ਵੇਲੇ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ ਤੇ ਜ਼ਰੂਰੀ ਕੰਮ ਸਵੇਰੇ ਜਾਂ ਸ਼ਾਮ ਵੇਲੇ ਹੀ ਨਿਬੇੜਣੇ ਚਾਹੀਦੇ ਹਨ। ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ (ਸਿਵਲ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ ਤੇ ਸੀਐੱਚਸੀ) ’ਚ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਫੌਰੀ ਬਾਅਦ ਇਲਾਜ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਹਸਪਤਾਲਾਂ ’ਚ ਐਮਰਜੈਂਸੀ ਕੂਲਿੰਗ ਉਪਕਰਨ (ਏਸੀ/ਕੂਲਰ) ਅਤੇ ਜ਼ਰੂਰੀ ਦਵਾਈਆਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਇਆ ਗਿਆ ਹੈ। ਐਂਬੂਲੈਂਸਾਂ ’ਚ ਥਰਮਾਮੀਟਰ, ਬਰਫ਼ ਦੇ ਪੈਕ ਤੇ ਓਆਰਐੱਸ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਪ੍ਰਭਾਵਿਤ ਮਰੀਜ਼ਾਂ ਨੂੰ ਹਸਪਤਾਲ ਲਿਆਂਦੇ ਸਮੇਂ ਰਸਤੇ ’ਚ ਰਾਹਤ ਦਿੱਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਸਿਰਦਰਦ, ਚੱਕਰ ਆਉਣਾ, ਉਲਟੀ, ਬੇਚੈਨੀ, ਸਰੀਰ ਦਾ ਤਾਪਮਾਨ ਅਚਾਨਕ ਵਧਣਾ, ਚਿਹਰਾ ਲਾਲ ਹੋਣਾ ਜਾਂ ਬੇਹੋਸ਼ੀ ਆਉਣਾ ਹੀਟ ਸਟ੍ਰੋਕ ਦੇ ਲੱਛਣ ਹਨ। ਅਜਿਹੇ ਹਾਲਾਤ ’ਚ ਮਰੀਜ਼ ਨੂੰ ਤੁਰੰਤ ਛਾਂਦਾਰ ਜਾਂ ਠੰਡੀ ਜਗ੍ਹਾ 'ਤੇ ਲਿਜਾਣਾ ਚਾਹੀਦਾ ਹੈ, ਉਸ ਦੇ ਤੰਗ ਕੱਪੜੇ ਢਿੱਲੇ ਕਰਕੇ ਠੰਡੇ ਪਾਣੀ ਦੀਆਂ ਪੱਟੀਆਂ ਕਰਨੀ ਚਾਹੀਦੀਆਂ ਹਨ ਤੇ ਨਜ਼ਦੀਕੀ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ। ਬੇਹੋਸ਼ੀ ਦੀ ਸਥਿਤੀ ’ਚ ਮਰੀਜ਼ ਦੇ ਮੂੰਹ ’ਚ ਕੋਈ ਵੀ ਤਰਲ ਪਦਾਰਥ ਨਾ ਪਾਉਣਾ ਚਾਹੀਦਾ ਹੈ। ਦੁਪਹਿਰ ਦੇ ਸਮੇਂ ਬਾਹਰ ਨਿਕਲਣਾ ਜ਼ਰੂਰੀ ਹੋਵੇ ਤਾਂ ਸਿਰ ਨੂੰ ਕੱਪੜੇ, ਪੱਗ ਜਾਂ ਟੋਪੀ ਨਾਲ ਢੱਕਣਾ ਚਾਹੀਦਾ ਹੈ ਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਰੀਰ ’ਚ ਪਾਣੀ ਦੀ ਕਮੀ ਨੂੰ ਰੋਕਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ, ਘਰੇਲੂ ਬਣੀ ਲੱਸੀ, ਸ਼ਿਕੰਜਵੀ ਤੇ ਗੰਨੇ ਦੇ ਜੂਸ ਵਰਗੇ ਤਰਲ ਪਦਾਰਥਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।