ਰੁਜ਼ਗਾਰ ਦੇ ਬਦਲਾਂ ਸਬੰਧੀ ਦਿੱਤੀ ਜਾਣਕਾਰੀ
ਜ਼ਿਲ੍ਹਾ ਰੋਜ਼ਗਾਰ ਵਿਭਾਗ ਵੱਲੋਂ ਵਿਸ਼ੇਸ਼ ਕਰੀਅਰ ਕਾਨਫਰੰਸ
Publish Date: Fri, 24 Apr 2026 08:23 PM (IST)
Updated Date: Fri, 24 Apr 2026 08:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਥਾਨਕ ਅੰਬੇਡਕਰ ਭਵਨ ’ਚ ਕਰੀਅਰ ਕਾਨਫਰੰਸ ਕਰਵਾਈ ਗਈ, ਜਿਸ ’ਚ ਜ਼ਿਲ੍ਹੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਤੇ ਕਰੀਅਰ ਕੌਂਸਲਰਾਂ ਨੇ ਸ਼ਿਰਕਤ ਕੀਤੀ। ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਾਨਫਰੰਸ ਦਾ ਮੁੱਖ ਮੰਤਵ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਕੈਰੀਅਰ ਕੌਂਸਲਰਾਂ ਨਾਲ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਆਪੋ-ਆਪਣੇ ਕਿੱਤੇ ਨਾਲ ਸਬੰਧਤ ਵੱਖ-ਵੱਖ ਰੁਜ਼ਗਾਰ ਦੇ ਬਦਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਨਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਸਕੂਲ ਸਮੇਂ ਦੌਰਾਨ ਹੀ ਆਪਣੀ ਰੂਚੀ ਅਨੁਸਾਰ ਉਚੇਰੀ ਸਿੱਖਿਆ ਤੇ ਕਿੱਤਾ ਮੁੱਖੀ ਕੋਰਸਾਂ ਦੀ ਚੋਣ ਕਰਨ ਦੇ ਸਮਰੱਥ ਬਣਾ ਕੇ ਭਵਿੱਖ ਸੰਵਾਰਨ ’ਚ ਮਦਦ ਕਰ ਸਕਣ। ਕਾਨਫਰੰਸ ਦੌਰਾਨ ਪੰਜਾਬ ਹੁਨਰ ਵਿਕਾਸ ਮਿਸ਼ਨ, ਜਲੰਧਰ ਤੋਂ ਬੀਟੀਐੱਮ ਮਨਦੀਪ ਕੌਰ ਨੇ ਰਾਜ ਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਵਿਦਿਆਰਥੀਆਂ ਲਈ ਚਲਾਏ ਜਾ ਰਹੇ ਮੁਫ਼ਤ ਹੁਨਰ ਵਿਕਾਸ ਸਿੱਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਜ਼ੋਨਲ ਰਿਕਰੂਟਿੰਗ ਦਫ਼ਤਰ (ਆਰਮੀ), ਜਲੰਧਰ ਕੈਂਟ ਤੋਂ ਹਵਲਦਾਰ ਰਤੀਸ਼ ਕੁਮਾਰ ਨੇ ਇੰਡੀਅਨ ਆਰਮੀ ’ਚ ਬਤੌਰ ਅਗਨੀਵੀਰ ਭਰਤੀ ਲਈ ਵਿਸਥਾਰ ਨਾਲ ਚਾਨਣਾ ਪਾਇਆ। ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਤੋਂ ਸਹਾਇਕ ਰਜਿਸਟਰਾਰ ਮੋਹਿਤ ਜੈਨ ਨੇ ਯੂਨੀਵਰਸਿਟੀ ਵੱਲੋਂ ਰੈਗੂਲਰ ਤੇ ਡਿਸਟੈਂਸ ਮੋਡ ਤਹਿਤ ਚਲਾਏ ਜਾ ਰਹੇ ਡਿਪਲੋਮਾ/ ਡਿਗਰੀ/ ਸਰਟੀਫਿਕੇਟ ਕੋਰਸਾਂ ਤੋਂ ਇਲਾਵਾ ਸਕਾਲਰਸ਼ਿਪ/ ਫੈਲੋਸ਼ਿਪ/ ਸਟਾਈਪੈਂਡ ਸਕੀਮਾਂ ਬਾਰੇ ਦੱਸਿਆ। ਰੂਰਲ ਡਿਵੈੱਲਪਮੈਂਟ ਐਂਡ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ ਤੋਂ ਡਾਇਰੈਕਟਰ ਸੰਜੀਪ ਕੁਮਾਰ ਚੌਹਾਨ ਨੇ ਸੰਸਥਾ ਵਿਖੇ ਚਲਾਏ ਜਾ ਰਹੇ ਕਿੱਤਾ-ਮੁਖੀ/ ਸਵੈ-ਰੁਜ਼ਗਾਰ ਕੋਰਸਾਂ ਬਾਰੇ ਜਾਣੂ ਕਰਵਾਇਆ। ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਤੋਂ ਕੈਰੀਅਰ ਕੌਂਸਲਰਾਂ ਗੌਰਵ ਕੁਮਾਰ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਸੀਨੀਅਰ ਅਫਸਰ ਅਮ੍ਰਿਤਪਾਲ ਸਿੰਘ ਕਲਸੀ ਤੇ ਵਰੁਣ ਨਈਅਰ ਨੇ ਵੀ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ। ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਬਿਊਰੋ ਵੱਲੋਂ ਵਿਦਿਆਰਥੀਆਂ ਦੀ ਕਰੀਅਰ ਸਬੰਧੀ ਚੋਣ ’ਚ ਮਦਦ ਲਈ ਇਕ ਵਿਸ਼ੇਸ਼ ਪਹਿਲਕਦਮੀ ਤਹਿਤ ਤਿਆਰ ਕੀਤੀ ਵਿਲੱਖਣ ਕੈਰੀਅਰ ਬੁੱਕਲੈਟ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਅਫਸਰ ਨਰੇਸ਼ ਕੁਮਾਰ ਵੀ ਮੌਜੂਦ ਸਨ।