ਅਨੰਤ ਚੌਦਸ 'ਤੇ 28 ਸਤੰਬਰ ਨੂੰ ਰਸਮੀ ਤੌਰ 'ਤੇ ਸ਼ੁਰੂ ਹੋਇਆ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਸ਼ਨਿਚਰਵਾਰ ਨੂੰ ਵੀ ਜਾਰੀ ਰਿਹਾ। ਸਵੇਰ ਤੋਂ ਹੀ ਸ਼ੁਰੂ ਹੋਈ ਭਗਤਾਂ ਦੀ ਆਮਦ ਦੇਰ ਸ਼ਾਮ ਤਕ ਬਰਕਰਾਰ ਰਹੀ। ਇਸ ਦੌਰਾਨ ਸ਼ਰਧਾਲੂਆਂ ਨੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ 'ਚ ਕੰਪਲੈਕਸ 'ਚ ਬਣੇ ਦੋ ਪ੍ਰਮੁੱਖ ਮੰਦਰਾਂ 'ਚ ਨਤਮਸਤਕ ਹੋਣ ਦੇ ਨਾਲ-ਨਾਲ ਪਵਿੱਤਰ ਤਲਾਬ 'ਚ ਵੀ ਜਾ ਕੇ ਮੱਥਾ ਟੇਕਿਆ। ਉਧਰ ਭਗਤਾਂ ਦੀ ਆਮਦ ਨਾਲ ਮੇਲੇ ਦੌਰਾਨ ਰੇਹੜੀ, ਫੜ੍ਹੀ ਤੇ ਦੁਕਾਨਾਂ ਸਜਾਉਣ

ਸ਼ਾਮ ਸਹਿਗਲ, ਜਲੰਧਰ
ਅਨੰਤ ਚੌਦਸ 'ਤੇ 28 ਸਤੰਬਰ ਨੂੰ ਰਸਮੀ ਤੌਰ 'ਤੇ ਸ਼ੁਰੂ ਹੋਇਆ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਸ਼ਨਿਚਰਵਾਰ ਨੂੰ ਵੀ ਜਾਰੀ ਰਿਹਾ। ਸਵੇਰ ਤੋਂ ਹੀ ਸ਼ੁਰੂ ਹੋਈ ਭਗਤਾਂ ਦੀ ਆਮਦ ਦੇਰ ਸ਼ਾਮ ਤਕ ਬਰਕਰਾਰ ਰਹੀ। ਇਸ ਦੌਰਾਨ ਸ਼ਰਧਾਲੂਆਂ ਨੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ 'ਚ ਕੰਪਲੈਕਸ 'ਚ ਬਣੇ ਦੋ ਪ੍ਰਮੁੱਖ ਮੰਦਰਾਂ 'ਚ ਨਤਮਸਤਕ ਹੋਣ ਦੇ ਨਾਲ-ਨਾਲ ਪਵਿੱਤਰ ਤਲਾਬ 'ਚ ਵੀ ਜਾ ਕੇ ਮੱਥਾ ਟੇਕਿਆ। ਉਧਰ ਭਗਤਾਂ ਦੀ ਆਮਦ ਨਾਲ ਮੇਲੇ ਦੌਰਾਨ ਰੇਹੜੀ, ਫੜ੍ਹੀ ਤੇ ਦੁਕਾਨਾਂ ਸਜਾਉਣ ਵਾਲੇ ਵਪਾਰੀਆਂ ਦੇ ਚਿਹਰੇ ਵੀ ਖਿੜੇ ਰਹੇ।
ਗ਼ੈਰ ਰਸਮੀ ਤੌਰ 'ਤੇ ਬੀਤੇ ਐਤਵਾਰ ਨੂੰ ਭਗਤਾਂ ਦੀ ਆਮਦ ਦੇ ਨਾਲ ਹੀ ਮੇਲੇ ਦਾ ਮਾਹੌਲ ਬਣ ਗਿਆ ਸੀ। ਜੋ ਛੇ ਦਿਨਾਂ ਬਾਅਦ ਵੀ ਬਰਕਰਾਰ ਹੈ। ਇਸ ਬਾਰੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਤਲਾਬ ਕਾਰ ਸੇਵਾ ਕਮੇਟੀ ਦੇ ਪ੍ਰਧਾਨ ਯਸ਼ਪਾਲ ਠਾਕੁਰ ਦੱਸਦੇ ਹਨ ਕਿ ਮੇਲੇ ਵਾਲੇ ਦਿਨ ਸ਼ਰਧਾਲੂਆਂ ਦੀ ਜ਼ਿਆਦਾ ਭੀੜ ਹੋਣ ਦੀ ਸੰਭਾਵਨਾ ਕਾਰਨ ਜ਼ਿਆਦਾਤਰ ਪਰਿਵਾਰ ਅਨੰਤ ਚੌਦਸ ਤੋਂ ਪਹਿਲਾਂ ਆਉਣ ਵਾਲੇ ਐਤਵਾਰ ਨੂੰ ਹੀ ਮੰਦਰ 'ਚ ਨਤਮਸਤਕ ਹੋਣਾ ਸ਼ੁਰੂ ਹੋ ਜਾਂਦੇ ਹਨ। ਇਹੀ ਕਾਰਨ ਰਿਹਾ ਕਿ ਮੇਲੇ ਵਾਲੇ ਦਿਨ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਵੀ ਭਗਤਾਂ ਦੀ ਆਮਦ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਵੀ ਭਗਤਾਂ ਦੀ ਆਮਦ ਦੇ ਨਾਲ ਮੇਲਾ ਜਾਰੀ ਰਹੇਗਾ।
ਚੱਢਾ ਬਿਰਾਦਰੀ ਵੱਲੋਂ ਅੱਜ ਲਗਾਇਆ ਜਾਵੇਗਾ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਲੰਗਰ
ਚੱਢਾ ਬਿਰਾਦਰੀ ਦੇ ਜਠੇਰੇ ਸ਼੍ਰੀ ਸਿੱਧ ਬਾਬਾ ਸੋਢਲ ਪ੍ਰਤੀ ਹਰ ਧਰਮ ਤੇ ਿਫ਼ਰਕੇ ਦੇ ਲੋਕਾਂ ਦੀ ਆਸਥਾ ਜੁੜੀ ਹੈ। ਉੱਥੇ ਚੱਢਾ ਬਿਰਾਦਰੀ ਵੱਲੋਂ ਰੋਟ ਅਰਪਿਤ ਕਰਨ, ਖੇਤੀ ਦੀ ਬਿਜਾਈ ਕਰਨ ਤੇ ਅਨੰਤ ਚੌਦਸ ਦੇ ਦਿਨ ਤਲਾਬ 'ਚ ਅਰਪਿਤ ਕਰਨ ਸਮੇਤ ਧਾਰਮਿਕ ਰਸਮਾਂ ਚੱਢਾ ਬਿਰਾਦਰੀ ਤੇ ਸੋਢਲ ਬਾਬਾ ਦੇ ਨਾਨਕੇ ਆਨੰਦ ਬਿਰਾਦਰੀ ਵੱਲੋਂ ਕੀਤਾ ਜਾਂਦਾ ਹੈ। ਐਤਵਾਰ ਵਾਲੇ ਦਿਨ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ 'ਚ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਲੰਗਰ ਲਗਾਇਆ ਜਾਵੇਗਾ। ਚੱਢਾ ਬਿਰਾਦਰੀ ਦੇ ਪ੍ਰਧਾਨ ਵਿਪਿਨ ਚੱਢਾ ਬੱਬੀ ਦੱਸਦੇ ਹਨ ਕਿ ਚੱਢਾ ਬਿਰਾਦਰੀ ਵੱਲੋਂ ਐਤਵਾਰ ਨੂੰ ਸਵੇਰੇ ਵਿਧੀਵਤ ਪੂਜਾ ਅਰਚਨਾ ਦੇ ਨਾਲ ਹੀ ਲੰਗਰ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸਹਿਯੋਗ ਦੇਣ ਵਾਲੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਅੱਜ ਵੀ ਜਾਰੀ ਰਹੇਗਾ ਮੇਲਾ
ਅਨੰਤ ਚੌਦਸ ਤੋਂ ਪਹਿਲਾਂ ਆਉਣ ਵਾਲੇ ਐਤਵਾਰ ਤੋਂ ਸ਼ੁਰੂ ਹੋਇਆ ਮੇਲਾ ਅਨੰਤ ਚੌਦਸ ਤੋਂ ਬਾਅਦ ਆਉਣ ਵਾਲੇ ਐਤਵਾਰ ਨੂੰ ਵੀ ਜਾਰੀ ਰਹਿੰਦਾ ਹੈ। ਜਿਸ ਕਾਰਨ ਇਕ ਅਕਤੂਬਰ ਨੂੰ ਵੀ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ। ਜਿਸ ਕਾਰਨ ਮੰਦਰ ਦੇ ਅੰਦਰ ਬਣਾਈ ਗਈ ਪੁਲਿਸ ਚੌਕੀ 'ਚ ਮੁਲਾਜ਼ਮ ਤਾਇਨਾਤ ਰਹਿਣਗੇ। ਬਾਬਾ ਸੋਢਲ ਮੰਦਰ ਤਲਾਬ ਕਾਰਸੇਵਾ ਕਮੇਟੀ ਦੇ ਉਪ ਚੇਅਰਮੈਨ ਓਮ ਪ੍ਰਕਾਸ਼ ਸੱਪਲ ਦੱਸਦੇ ਹਨ ਕਿ ਐਤਵਾਰ ਦੇ ਦਿਨ ਸ਼ਰਧਾਲੂ ਪਰਿਵਾਰ ਸਮੇਤ ਮੰਦਰ 'ਚ ਪਹੁੰਚਦੇ ਹਨ। ਜਿਸ ਕਾਰਨ ਕਮੇਟੀ ਦੇ ਮੈਂਬਰ ਦਿਨ ਭਰ ਸੇਵਾਵਾਂ ਦੇਣਗੇ।
ਚੜ੍ਹਾਵੇ ਦੀ ਰਾਸ਼ੀ 18 ਲੱਖ ਰੁਪਏ ਪਾਰ
ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਸੋਢਲ ਮੰਦਰ ਟਰੱਸਟ ਵੱਲੋਂ ਚੜ੍ਹਾਵੇ ਦੀ ਗਿਣਤੀ ਦਾ ਦੌਰ ਜਾਰੀ ਹੈ। ਸ਼ਨਿਚਰਵਾਰ ਨੂੰ 760860 ਰੁਪਏ ਦੀ ਰਾਸ਼ੀ ਦੀ ਗਿਣਤੀ ਕੀਤੀ ਗਈ। ਟਰੱਸਟੀ ਤੇ ਕੈਸ਼ੀਅਰ ਸੁਰੇਸ਼ ਚੱਢਾ ਦੱਸਦੇ ਹਨ ਕਿ ਹਾਲੇ ਤਕ ਕੀਤੀ ਗਈ ਗਿਣਤੀ 'ਚ 18,45,528 ਰੁਪਏ ਦੀ ਰਾਸ਼ੀ ਦੀ ਗਿਣਤੀ ਕੀਤੀ ਗਈ ਹੈ।