ਹੈਰੋਇਨ ਸਮੇਤ ਤਸਕਰ ਦਬੋਚਿਆ
ਜਾਸ, ਜਲੰਧਰ :
Publish Date: Sat, 02 May 2026 11:04 PM (IST)
Updated Date: Sat, 02 May 2026 11:05 PM (IST)
ਜਾਸ, ਜਲੰਧਰ : ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਜਲੰਧਰ ਰੇਂਜ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਏ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਤਸਕਰ ਨੂੰ 4 ਕਿੱਲੋ 72 ਗ੍ਰਾਮ ਹੇਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏਆਈਜੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮਹਿਕਦੀਪ ਸਿੰਘ ਉਰਫ ਮਹਿਕ, ਪਿੰਡ ਰੋੜਾ ਵਾਲਾ ਖੁਰਦ, ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਨੂੰ ਅਟਾਰੀ ਰੋਡ 'ਤੇ ਇੰਡੀਆ ਗੇਟ ਨੇੜੇ ਪੰਜਾਬੀ ਬਾਗ ਮੈਰਿਜ ਪੈਲੇਸ ਕੋਲੋਂ ਕਾਬੂ ਕੀਤਾ ਗਿਆ। ਮੁਲਜ਼ਮ ਕੋਲੋਂ ਵੱਡੀ ਮਾਤਰਾ ’ਚ ਹੈਰੋਇਨ ਦੇ ਨਾਲ-ਨਾਲ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਏਆਈਜੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਇਸ ਸਬੰਧੀ ਏਐੱਨਟੀਐੱਫ ਥਾਣਾ ਐੱਸਏਐੱਸ ਨਗਰ (ਮੋਹਾਲੀ) ’ਚ ਏਐੱਸਆਈ ਮਨਜੀਤ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਪੁੱਛਗਿੱਛ ’ਚ ਮੁਲਜ਼ਮ ਨੇ ਦੱਸਿਆ ਕਿ ਉਹ 12ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਉਸ ਨੂੰ ਕਬੂਤਰਬਾਜ਼ੀ ਦਾ ਸ਼ੌਕ ਹੈ। ਉਸਨੇ ਦੱਸਿਆ ਕਿ ਵੱਧ ਕਮਾਈ ਤੇ ਪੈਸੇ ਦੇ ਲਾਲਚ ’ਚ ਉਹ ਨਸ਼ੇ ਦੀ ਤਸਕਰੀ ਦੇ ਧੰਦੇ ’ਚ ਸ਼ਾਮਲ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਹੋਰ ਵੀ ਮਹੱਤਵਪੂਰਨ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।