ਛੇ ਮਹੀਨੇ ਦੀ ਗਰਭਵਤੀ ਔਰਤ ਨੇ ਕੀਤੀ ਆਤਮਹੱਤਿਆ
ਛੇ ਮਹੀਨੇ ਦੀ ਗਰਭਵਤੀ ਔਰਤ ਨੇ ਕੀਤੀ ਆਤਮ ਹੱਤਿਆ
Publish Date: Sun, 23 Nov 2025 09:56 PM (IST)
Updated Date: Mon, 24 Nov 2025 04:14 AM (IST)

- ਸੱਸ, ਪਤੀ ਤੇ ਦਿਓਰ ਕਾਬੂ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਛੇ ਮਹੀਨੇ ਦੀ ਗਰਭਵਤੀ ਔਰਤ ਨੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਅੱਧੀ ਰਾਤ ਨੂੰ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਿਸ ਦੀ ਪਛਾਣ ਕਾਜਲ ਕੁਮਾਰੀ (23) ਪਤਨੀ ਪੰਕਜ ਸਿੰਘ ਵਾਸੀ ਮਕਾਨ ਨੰਬਰ 56, ਬਾਬਾ ਮੋਹਨਦਾਸ ਨਗਰ, ਜਲੰਧਰ ਵਜੋਂ ਹੋਈ ਹੈ। ਇਸ ਸਬੰਧੀ ਮ੍ਰਿਤਕ ਔਰਤ ਦੇ ਭਰਾ ਮੁਕੇਸ਼ ਕੁਮਾਰ ਪੁੱਤਰ ਰਮਾਕਾਂਤ ਸਿੰਘ ਵਾਸੀ ਬਰਾਉ ਕਲਾਂ ਥਾਣਾ ਅਕੌੜੀਗੋਲਾ, ਜ਼ਿਲ੍ਹਾ ਰੋਹਤਾਸ, ਬਿਹਾਰ, ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 10485 ਇੰਦਰਾ ਕਾਲੋਨੀ, ਗਲੀ ਨੰਬਰ 3, ਰਾਹੋ ਰੋਡ ਲੁਧਿਆਣਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀ ਛੋਟੀ ਭੈਣ ਕਾਜਲ ਕੁਮਾਰੀ ਦਾ ਵਿਆਹ 29 ਅਪ੍ਰੈਲ 2025 ਨੂੰ ਪੂਰੇ ਰੀਤੀ ਰਿਵਾਜਾ ਨਾਲ ਬਿਹਾਰ ’ਚ ਕੀਤਾ ਸੀ ਤੇ ਵਿਆਹ ਵਕਤ ਉਸ ਦੇ ਸਹੁਰਿਆ ਨੂੰ 5 ਲੱਖ ਨਕਦੀ, 5 ਲੱਖ ਆਨਲਈਨ, ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਦਿਤਾ ਸੀ। ਜੋ ਵਿਆਹ ਤੋਂ ਕੁੱਝ ਸਮੇ ਬਾਅਦ ਹੀ ਉਸ ਦੀ ਭੈਣ ਕਾਜਲ ਕੁਮਾਰੀ ਨੂੰ ਉਸ ਦੇ ਪਤੀ ਪੰਕਜ ਸਿੰਘ, ਸੱਸ ਤੇ ਦਿਓਰ ਦਿਵਾਕਰ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਕਹਿੰਦੇ ਸੀ ਕਿ ਉਹ ਦਾਜ ਘਟੀਆ ਕਿਸਮ ਦਾ ਲਿਆਂਦਾ ਹੈ ਤੇ ਹੋਰ ਵਧੀਆ ਕੁਆਲਿਟੀ ਦਾ ਸਾਮਾਨ ਲਿਆਉਣ ਲਈ ਪਰੇਸ਼ਾਨ ਕਰਦੇ ਸਨ, ਜੋ ਉਸ ਦੀ ਭੈਣ ਕਾਜਲ ਕੁਮਾਰੀ ਉਸ ਨੂੰ ਤੇ ਉਸ ਦੀ ਦੂਜੀ ਭੈਣ ਨੂੰ ਫੋਨ ਕਰ ਕੇ ਕਈ ਵਾਰੀ ਦੱਸਦੀ ਸੀ ਤੇ ਉਹ ਆਪਣੀ ਭੈਣ ਨੂੰ ਫੋਨ ਕਰ ਕੇ ਸਮਝਾਉਂਦੇ ਰਹੇ ਕਿ ਉਹ 6 ਮਹੀਨੇ ਦੀ ਗਰਭਵਤੀ ਹੈ ਤੇ ਆਪਣਾ ਖਿਆਲ ਰੱਖਿਆ ਕਰ। ਉਸ ਨੂੰ ਉਸ ਦੇ ਜੀਜੇ ਪੰਕਜ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਕਾਜਲ ਕੁਮਾਰੀ ਨੇ ਫਾਹਾ ਲੈ ਲਿਆ ਹੈ। ਜਿਸ ਦੀ ਮੌਤ ਹੋ ਚੁੱਕੀ ਹੈ। ਮਿ੍ਤਕ ਔਰਤ ਦੇ ਭਰਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਜੀਜੇ ਨੇ ਉਸ ਨੂੰ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਉਨਾਂ ਦੇ ਘਰ ਨੇੜੇ ਜਗਰਾਤਾ ਸੀ, ਜਿਸ ’ਚ ਉਹ ਆਪਣੀ ਪਤਨੀ ਨੂੰ ਸ਼ਮੂਲੀਅਤ ਕਰਨ ਲਈ ਲੈ ਕੇ ਜਾਣਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਨੇ ਜਗਰਾਤੇ ’ਤੇ ਨਾ ਜਾਣ ਲਈ ਉਸ ਨਾਲ ਝਗੜਾ ਕੀਤਾ। ਜਿਸ ਤੋਂ ਬਾਅਦ ਉਹ ਜਦ ਜਗਰਾਤੇ ਤੋਂ ਵਾਪਸ ਆਇਆ ਤਾਂ ਉਸ ਦੀ ਪਤਨੀ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਨ੍ਹਾਂ ਵੱਲੋਂ ਦਰਵਾਜਾ ਤੋੜ ਕੇ ਦੇਖਿਆ ਕਿ ਉਸ ਦੀ ਲਾਸ਼ ਲਟਕ ਰਹੀ ਸੀ। ਮਿ੍ਤਕ ਔਰਤ ਦੇ ਭਰਾ ਦੇ ਬਿਆਨ ਦੇ ਆਧਾਰ ’ਤੇ ਥਾਣਾ ਇਕ ਦੀ ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਪੰਕਜ ਸਿੰਘ, ਸੱਸ ਚੰਦਰ ਕਲਾ ਤੇ ਦਿਓਰ ਦਿਵਾਕਰ ਵਿਰੁੱਧ ਕੇਸ ਦਰਜ ਕਰ ਕੇ ਕਾਬੂ ਕਰ ਲਿਆ ਗਿਆ ਹੈ। ਥਾਣਾ ਮੁਖੀ ਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰੱਖਿਆ ਗਿਆ, ਜਿਸ ਦਾ ਪੋਸਟਮਾਰਟਮ ਅਗਲੇ ਦਿਨ ਹੋਵੇਗਾ।