ਐਂਬੂਲੈਂਸ-ਫਾਇਰ ਬ੍ਰਿਗੇਡ ਲਈ ਬਣੇਗਾ

ਐਂਬੂਲੈਂਸ-ਫਾਇਰ ਬ੍ਰਿਗੇਡ ਲਈ ਬਣੇਗਾ ਗ੍ਰੀਨ ਕਾਰੀਡੋਰ
ਜਾਸ, ਜਲੰਧਰ : ਸ਼ਹਿਰ ’ਚ ਟ੍ਰੈਫਿਕ ਮੈਨੇਜਮੈਂਟ ’ਚ ਸੁਧਾਰ ਅਤੇ ਹਾਈਟੈਕ ਸਿਸਟਮ ਲਈ ਨਗਰ ਨਿਗਮ ਨੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਯੋਜਨਾ ਬਣਾਈ ਹੈ। ਇਸ ਪ੍ਰੋਜੈਕਟ ਤਹਿਤ ਸ਼ਹਿਰ ਦੇ 50 ਸਭ ਤੋਂ ਰੁਝੇਵਿਆਂ ਵਾਲੇ ਚੌਕਾਂ ’ਚ ਸਮਾਰਟ ਟ੍ਰੈਫਿਕ ਲਾਈਟਾਂ, ਕੈਮਰੇ ਤੇ ਸੈਂਸਰ ਲਾਏ ਜਾਣਗੇ। ਪੂਰਾ ਸਿਸਟਮ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਨਾਲ ਜੁੜਿਆ ਹੋਵੇਗਾ। ਸੈਂਸਰ ਯੁਕਤ ਉਪਕਰਨ ਟ੍ਰੈਫਿਕ ਦੇ ਦਬਾਅ ਮੁਤਾਬਕ ਆਪਣੇ-ਆਪ ਸਿਗਨਲ ਦੀ ਟਾਈਮਿੰਗ ਬਦਲਣ ’ਚ ਸਮਰੱਥ ਹੋਣਗੇ। ਸ਼ਹਿਰ ਦੇ ਬਹੁਤ ਸਾਰੇ ਚੌਕਾਂ ’ਚ ਪੁਰਾਣੀਆਂ ਤੇ ਖਰਾਬ ਟ੍ਰੈਫਿਕ ਲਾਈਟਾਂ ਕਾਰਨ ਰੀਅਲ ਟਾਈਮ ਮਾਨੀਟਰਿੰਗ ਨਹੀਂ ਹੋ ਪਾ ਰਹੀ, ਜਿਸ ਕਾਰਨ ਜਾਮ ਲੱਗਦਾ ਹੈ। ਪੈਦਲ ਚੱਲਣ ਵਾਲਿਆਂ ਲਈ ਜ਼ੈਬਰਾ ਕ੍ਰਾਸਿੰਗ ਤੱਕ ਨਹੀਂ ਹੈ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਨਗਰ ਨਿਗਮ ਨੇ ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਅਤੇ ਗ੍ਰੀਨ ਕਾਰੀਡੋਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਗੱਡੀਆਂ ਦੀ ਗਿਣਤੀ ਦੇਖ ਕੇ ਟਾਈਮਰ ਬਦਲਿਆ ਜਾਵੇਗਾ। ਇਸ ਵਿਚ ਸਭ ਤੋਂ ਮਹੱਤਵਪੂਰਨ ਹੈ ‘ਗ੍ਰੀਨ ਕਾਰੀਡੋਰ ਫੰਕਸ਼ਨਾਲਿਟੀ’-ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਲਈ ਗ੍ਰੀਨ ਕਾਰੀਡੋਰ ਹੋਵੇਗਾ, ਜਿਸ ਦਾ ਮਤਲਬ ਹੈ ਕਿ ਜਦੋਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਆਵੇਗੀ ਤਾਂ ਸਿਸਟਮ ਆਪਣੇ-ਆਪ ਸਿਗਨਲ ਨੂੰ ਗ੍ਰੀਨ ਕਰ ਦੇਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਗ੍ਰੀਨ ਵੇਵ ਨਾਲ ਜਾਮ 30-40% ਤੱਕ ਘਟੇਗਾ। ਪੈਦਲ ਯਾਤਰੀਆਂ ਦੀ ਸੁਰੱਖਿਆ ਵਧੇਗੀ। ਵਿਸਥਾਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਮਗਰੋਂ ਨਗਰ ਨਿਗਮ ਨੇ ਇਸ ਲਈ 10 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਹੈ। ਖਰਾਬ ਤੇ ਪੁਰਾਣੀਆਂ ਲਾਈਟਾਂ ਦੇ ਕਾਰਨ ਸ਼ਹਿਰ ਵਿਚ ਲਗਪਗ 77 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਆਈਸੀਸੀਸੀ ਪ੍ਰੋਜੈਕਟ ਦਾ ਵੀ ਫਾਇਦਾ ਨਹੀਂ ਮਿਲ ਰਿਹਾ। ਸ਼ਹਿਰ ਇਕ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ ਤੇ ਹਰ ਰੋਜ਼ ਲੱਖਾਂ ਗੱਡੀਆਂ ਸੜਕਾਂ 'ਤੇ ਉੱਤਰਦੀਆਂ ਹਨ ਪਰ ਟ੍ਰੈਫਿਕ ਮੈਨੇਜਮੈਂਟ ਖਰਾਬ ਹੋਣ ਕਾਰਨ ਕਈ ਇਲਾਕਿਆਂ ’ਚ ਟ੍ਰੈਫਿਕ ਸਬੰਧੀ ਗੰਭੀਰ ਸਮੱਸਿਆਵਾਂ ਹਨ।
ਟ੍ਰੈਫਿਕ ਲਾਈਟਾਂ ਹੋਣਗੀਆਂ ਅਪਗ੍ਰੇਡ : ਜਿਨ੍ਹਾਂ ਚੌਕਾਂ ’ਚ ਟ੍ਰੈਫਿਕ ਸਿਗਨਲ ਹਨ, ਉਥੇ ਨਵੀਆਂ ਐੱਲਈਡੀ ਟ੍ਰੈਫਿਕ ਲਾਈਟਾਂ ਲਗਾਈਆਂ ਜਾਣਗੀਆਂ। ਡਾਊਨਕਾਊਂਟਰ ਟਾਈਮਰ, ਸਟਾਪ ਲਾਈਨ ਤੇ ਥ੍ਰਮੋਪਲਾਸਟਿਕ ਜ਼ੈਬਰਾ ਕ੍ਰਾਸਿੰਗ, ਸਟਾਪ ਲਾਈਨਿੰਗ ਬਣਾਈ ਜਾਵੇਗੀ। 9 ਮੀਟਰ ਤੇ 6 ਮੀਟਰ ਦੇ ਕੈਂਟੀਲੀਵਰ ਆਰਮ ਵਾਲੇ ਪੋਲ ਲਗਾਏ ਜਾਣਗੇ। ਤਾਰਾਂ ਨੂੰ ਅੰਡਰਗ੍ਰਾਊਂਡ ਕਰਨ ਤਹਿਤ ਸੜਕ ਦੇ ਹੇਠਾਂ ਪਾਈਪ ’ਚ ਪਾਵਰ ਅਤੇ ਕਮਿਊਨਿਕੇਸ਼ਨ ਕੇਬਲਾਂ ਪਾਈਆਂ ਜਾਣਗੀਆਂ। ਇਹ ਪ੍ਰੋਜੈਕਟ ਸਿਰਫ ਸਿਗਨਲ ਲਗਾਉਣ ਤੱਕ ਸੀਮਤ ਨਹੀਂ ਹੈ, ਬਲਕਿ ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਤਹਿਤ ਟ੍ਰੈਫਿਕ ਲਾਈਟਾਂ ਦਾ ਟਾਈਮਰ ਸੈੱਟ ਕੀਤਾ ਜਾਵੇਗਾ। ਵਾਹਨ-ਪੈਦਲ ਯਾਤਰੀ ਪਛਾਣ ਕੈਮਰੇ, ਬੈਟਰੀ ਬੈਂਕਅੱਪ, ਉਦਯੋਗਿਕ ਚਾਰਜਰ ਤੇ ਨੈਟਵਰਕਿੰਗ ਹੋਵੇਗੀ, ਸਾਰੇ ਟ੍ਰੈਫਿਕ ਲਾਈਟਾਂ ਦੇ ਕੰਟਰੋਲਰ ਕਲਾਉਡ ਨਾਲ ਜੁੜੇ ਹੋਣਗੇ। ਸਿਗਨਲ ‘ਵਾਹਨ ਐਕਚੂਏਟਿਡ’ ਤੇ ‘ਫੁੱਲੀ ਅਡੈਪਟਿਵ’ ਮੋਡ ’ਚ ਚੱਲਣਗੇ, ਜਿਸਦਾ ਮਤਲਬ ਹੈ ਕਿ ਗੱਡੀਆਂ ਦੀ ਗਿਣਤੀ ਦੇਖ ਕੇ ਟਾਈਮਿੰਗ ਬਦਲਣਗੇ।
ਮਾਨੀਟ੍ਰਿੰਗ ਦੀ ਵੀ ਪੂਰੀ ਤਿਆਰੀ : ਸਭ ਟ੍ਰੈਫਿਕ ਲਾਈਟਾਂ ਦੀ ਆਈਸੀਸੀਸੀ ’ਚ ਮਾਨੀਟ੍ਰਿੰਗ ਹੋਵੇਗੀ। 65 ਇੰਚ ਦੀ ਡਿਸਪਲੇ ਸਕਰੀਨ ਲੱਗੇਗੀ, ਜਿਸ 'ਤੇ 50 ਚੌਕਾਂ ਦੀ ਲਾਈਵ ਫੀਡ ਦਿਖਾਈ ਦੇਵੇਗੀ। ਇਸ ਨਾਲ ਹਰ ਚੌਕ 'ਤੇ ਨਜ਼ਰ ਰਹੇਗੀ ਤੇ ਐਮਰਜੈਂਸੀ ’ਚ ਜਵਾਬ ਦਿੱਤਾ ਜਾ ਸਕੇਗਾ। ਜੋ ਕੰਪਨੀ ਟੈਂਡਰ ਲਵੇਗੀ, ਉਹ 2 ਸਾਲਾਂ ਤੱਕ ਪੂਰੇ ਸਿਸਟਮ ਨੂੰ ਸੰਭਾਲੇਗੀ। ਹਾਰਡਵੇਅਰ-ਸਾਫਟਵੇਅਰ ਦੀ ਮੁਰੰਮਤ, ਕੈਮਰੇ-ਸੈਂਸਰ ਦੀ ਦੇਖਭਾਲ, ਮੈਨਪਾਵਰ-ਗੱਡੀਆਂ ਦੀ ਤਾਇਨਾਤੀ, ਸਿਸਟਮ ਰੀਪ੍ਰੋਗ੍ਰਾਮਿੰਗ ਤੇ ਓਪਟੀਮਾਈਜ਼ੇਸ਼ਨ ਸ਼ਾਮਲ ਹੈ। ਵਾਰੰਟੀ ਮਗਰੋਂ ਵੀ ਮੁਰੰਮਤ ਕੀਤੀ ਜਾਵੇਗੀ। ਡਾਟਾ ਬੇਸਡ ਰਿਪੋਰਟਿੰਗ ਨਾਲ ਨਗਰ ਨਿਗਮ ਨੂੰ ਪਤਾ ਲੱਗੇਗਾ ਕਿ ਕਿਸ ਸੜਕ ਨੂੰ ਚੌੜਾ ਕਰਨਾ ਹੈ ਜਾਂ ਕਿੱਥੇ ਫਲਾਈਓਵਰ ਦੀ ਲੋੜ ਹੈ।
ਇਨ੍ਹਾਂ ਟ੍ਰੈਫਿਕ ਲਾਈਟਾਂ ਕੀਤਾ ਜਾਵੇਗਾ ਅਪਗ੍ਰੇਡ : ਅੱਡਾ ਬਸਤੀਆਂ ਜੰਕਸ਼ਨ, ਡਾ. ਬੀ.ਆਰ. ਅੰਬੇਡਕਰ ਚੌਕ, ਏਪੀਜੇ ਸਕੂਲ, ਸੰਵਿਧਾਨ-ਬੀਐੱਮਸੀ ਚੌਕ, ਬੀਐੱਸਐੱਫ ਚੌਕ, ਚਿਕ-ਚਿਕ ਹਾਊਸ, ਚੁਨਮੁਨ/ਸਿਟੀ ਹਸਪਤਾਲ, ਕੂਲ ਰੋਡ-ਸਾਮਰਾ, ਡਿਫੈਂਸ ਕਾਲੋਨੀ ਟੀ ਪੁਆਇੰਟ, ਢਿੱਲਵਾਂ ਰੋਡ, ਫੁੱਟਬਾਲ ਚੌਕ, ਗੀਤਾ ਮੰਦਰ ਮਾਡਲ ਟਾਊਨ, ਜੀਪੀਓ ਟੀ-ਪੁਆਇੰਟ, ਗੁਰੂ ਨਾਨਕ ਮਿਸ਼ਨ ਚੌਕ, ਝੰਡੀਆਂਵਾਲਾ ਪੀਰ, ਕਪੂਰਥਲਾ ਚੌਕ, ਲਾਡੋਵਾਲੀ ਰੋਡ ਟੀ ਪੁਆਇੰਟ, ਲੰਮਾ ਪਿੰਡ ਚੌਕ, ਮੈਨਬ੍ਰੋ ਚੌਕ, ਮਕਸੂਦਾਂ, ਮਾਡਲ ਟਾਊਨ ਟੀ ਪੁਆਇੰਟ, ਨੰਗਲ ਸ਼ਾਮਾਂ ਚੌਕ, ਛੋਟੀ ਬਰਾਦਰੀ ਨੇੜੇ, ਨਹਿਰੂ ਗਾਰਡਨ/ਪੀਐੱਨਬੀ ਜੰਕਸ਼ਨ, ਪਿਮਸ ਦੇ ਸਾਹਮਣੇ, ਪੀਏਪੀ ਜੰਕਸ਼ਨ, ਪਟੇਲ ਚੌਕ, ਪਠਾਨਕੋਟ ਬਾਈਪਾਸ ਜੰਕਸ਼ਨ, ਸ਼੍ਰੀ ਗੁਰੂ ਰਵਿਦਾਸ ਚੌਕ ਸਤਲੁਜ ਸਿਨੇਮਾ-ਬੱਸ ਸਟੈਂਡ, ਸੋਢਲ ਮੰਦਰ ਚੌਕ, ਅਰਬਨ ਐਸਟੇਟ-2 ਡਿਸਪੋਜ਼ਲ ਨੇੜੇ, ਅਰਬਨ ਅਸਟੇਟ-2 ਆਈਸੀਆਈਸੀਆਈ ਨੇੜੇ, ਸ਼ਹੀਦ ਵਿਨਾਇਕ ਚੌਕ, ਵਰਕਸ਼ਾਪ ਚੌਕ, ਆਦਰਸ਼ ਨਗਰ, ਖਾਲਸਾ ਸਕੂਲ ਟੀ ਜੰਕਸ਼ਨ, ਰੇਰੂ ਪਿੰਡ ਚੌਕ, ਚੁਗਿੱਟੀ ਚੌਕ, ਰਾਮਾ ਮੰਡੀ ਚੌਕ, ਧੋਗੜੀ ਰੋਡ ਹਾਈਵੇ, ਦੋਆਬਾ ਚੌਕ, ਟ੍ਰਾਂਸਪੋਰਟ ਨਗਰ, ਫੋਕਲ ਪੁਆਇੰਟ, ਵੇਰਕਾ ਮਿਲਕ ਪਲਾਂਟ, ਕਚਹਿਰੀ ਚੌਕ, ਗੁਰੂ ਅਮਰਦਾਸ ਚੌਕ, ਡੀਸੀ ਦਫਤਰ, ਜੋਤੀ ਚੌਕ, ਕਪੂਰਥਲਾ ਰੋਡ-ਨਹਿਰ।
---
ਆਈਸੀਸੀਸੀ ਪ੍ਰੋਜੈਕਟ ਦਾ ਨਹੀਂ ਮਿਲ ਰਿਹਾ ਲਾਭ
ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਵਿਚ 77 ਕਰੋੜ ਰੁਪਏ ਦਾ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਪ੍ਰੋਜੈਕਟ ਸਥਾਪਿਤ ਕੀਤਾ ਗਿਆ ਹੈ। ਸ਼ਹਿਰ ’ਚ 1200 ਤੋਂ ਵੱਧ ਕੈਮਰੇ ਲਗਾਏ ਗਏ ਹਨ। ਕ੍ਰਾਈਮ ਕੰਟਰੋਲ ਕਰਨਾ ਅਤੇ ਟ੍ਰੈਫਿਕ ਸਿਸਟਮ ਨੂੰ ਸੁਧਾਰਨਾ ਇਸ ਦਾ ਟੀਚਾ ਹਨ। ਟ੍ਰੈਫਿਕ ਦੇ ਮੋਰਚੇ 'ਤੇ ਇਹ ਪ੍ਰੋਜੈਕਟ ਫੇਲ੍ਹ ਸਾਬਤ ਹੋਇਆ ਹੈ ਕਿਉਂਕਿ ਸ਼ਹਿਰ ਵਿਚ ਨਾ ਤਾਂ ਟ੍ਰੈਫਿਕ ਲਾਈਟਾਂ ਠੀਕ ਹਨ ਤੇ ਨਾ ਹੀ ਪੈਦਲ ਚੱਲਣ ਵਾਲਿਆਂ ਲਈ ਕੋਈ ਪ੍ਰਬੰਧ ਹਨ। ਆਨਲਾਈਨ ਚਾਲਾਨ ਜ਼ਰੂਰ ਕੱਟੇ ਜਾ ਰਹੇ ਹਨ ਪਰ ਇਸਨੂੰ ਸਾਰੇ ਚੌਕਾਂ 'ਚ ਲਾਗੂ ਨਹੀਂ ਕੀਤਾ ਜਾ ਸਕਿਆ। ਜ਼ੈਬਰਾ ਕ੍ਰਾਸਿੰਗ ਤੱਕ ਦਾ ਇੰਤਜ਼ਾਮ ਨਹੀਂ ਹੈ। ਪੈਦਲ ਚੌਕ ਪਾਰ ਕਰਨ ਵਾਲਿਆਂ ਲਈ ਟ੍ਰੈਫਿਕ ਸਿਗਨਲ ਵੀ ਨਹੀਂ ਹੈ।