ਸ੍ਰੀ ਰਾਮ ਮੰਦਰ ਜੰਜਘਰ ’ਚ ਸ਼੍ਰੀ ਸ਼ਿਵ ਕਥਾ ਅੱਜ ਤੋਂ
ਭੋਗਪੁਰ ’ਚ 30 ਅਪ੍ਰੈਲ ਤੋਂ 3 ਮਈ ਤੱਕ ਸ਼੍ਰੀ ਸ਼ਿਵ ਕਥਾ
Publish Date: Wed, 29 Apr 2026 06:49 PM (IST)
Updated Date: Wed, 29 Apr 2026 07:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਸ਼੍ਰੀ ਰਾਮ ਮੰਦਰ ਜੰਜਘਰ, ਭੋਗਪੁਰ ਵਿਖੇ 30 ਅਪ੍ਰੈਲ ਤੋਂ 3 ਮਈ 2026 ਤੱਕ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸ਼੍ਰੀ ਸ਼ਿਵ ਕਥਾ ਦਾ ਆਧਿਆਤਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਪਾਵਨ ਪ੍ਰਬੰਧ ਦੇ ਸੰਦਰਭ ’ਚ ਕਥਾ ਸਥਲ ਤੋਂ ਇਕ ਭਵਿਆ ਸੰਧਿਆ ਫੇਰੀ ਕੱਢੀ ਗਈ, ਜਿਸ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ, ਔਰਤਾਂ, ਨੌਜਵਾਨਾਂ ਤੇ ਬੱਚਿਆਂ ਨੇ ਹਿੱਸਾ ਲਿਆ। ਫੇਰੀ ਦੀ ਸ਼ੁਰੂਆਤ ਵਿਧੀਵਤ ਪੂਜਾ-ਅਰਚਨਾ ਨਾਲ ਹੋਈ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਰਕਤ ਰਾਮ ਵੱਲੋਂ ਨਾਰੀਅਲ ਭੰਨ ਕੇ ਯਾਤਰਾ ਦਾ ਸ਼ੁਭ ਆਰੰਭ ਕੀਤਾ ਗਿਆ। ਯਾਤਰਾ ਦੌਰਾਨ ਸ਼ਰਧਾਲੂ ਭਗਵਾਨ ਸ਼ਿਵ ਦੇ ਜੈਕਾਰਿਆਂ ਨਾਲ, ਭਜਨ-ਕੀਰਤਨ ਕਰਦੇ ਹੋਏ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਗੁਜ਼ਰੇ। ਥਾਂ-ਥਾਂ ’ਤੇ ਲੋਕਾਂ ਵੱਲੋਂ ਫੇਰੀ ਦਾ ਸਵਾਗਤ ਕੀਤਾ ਗਿਆ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਬਣ ਗਿਆ। ਭਗਤੀਮਈ ਸੰਗੀਤ ਨੇ ਸੰਗਤ ਨੂੰ ਆਤਮਿਕ ਰੰਗ ਵਿੱਚ ਰੰਗ ਦਿੱਤਾ ਅਤੇ ਹਰ ਕੋਈ ਭਗਵਾਨ ਸ਼ਿਵ ਦੀ ਭਗਤੀ ਵਿੱਚ ਲੀਨ ਨਜ਼ਰ ਆਇਆ। ਇਸ ਮੌਕੇ ਸਾਧਵੀ ਪੱਲਵੀ ਭਾਰਤੀ ਨੇ ਦੱਸਿਆ ਕਿ ਕਥਾ ਦੌਰਾਨ ਸ਼ਰਧਾਲੂਆਂ ਨੂੰ ਭਗਵਾਨ ਸ਼ਿਵ ਦੀਆਂ ਦਿਵਿਆ ਲੀਲ੍ਹਾਵਾਂ, ਉਨ੍ਹਾਂ ਦੇ ਆਦਰਸ਼ ਜੀਵਨ ਤੇ ਆਧਿਆਤਮਿਕ ਸਿੱਖਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਮਨੁੱਖੀ ਜੀਵਨ ਨੂੰ ਸਕਾਰਾਤਮਕ ਦਿਸ਼ਾ ਦੇਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਨੇ ਖੇਤਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਕਥਾ ’ਚ ਸ਼ਿਰਕਤ ਕਰਕੇ ਆਧਿਆਤਮਿਕ ਲਾਭ ਪ੍ਰਾਪਤ ਕਰਨ। ਇਸ ਦੌਰਾਨ ਕਥਾ ਵਿਆਸ ਸਾਧਵੀ ਮੇਧਾਵੀ ਭਾਰਤੀ ਆਪਣੀ ਓਜਸਵੀ ਵਾਣੀ ਨਾਲ ਸ਼ਿਵ ਮਹਿਮਾ ਦਾ ਵਰਨਣ ਕਰਨਗੇ ਤੇ ਭਜਨ-ਕੀਰਤਨ ਰਾਹੀਂ ਭਗਤੀਮਈ ਵਾਤਾਵਰਨ ਬਣਾਇਆ ਜਾਵੇਗਾ। ਸਮਾਗਮ ਦੌਰਾਨ ਸਾਧਵੀ ਸ਼ਸ਼ਿਪ੍ਰਭਾ ਭਾਰਤੀ, ਸਾਧਵੀ ਵਸੁਧਾ ਭਾਰਤੀ, ਇੰਦਰਜੀਤ ਮਹਿਤਾ, ਸੰਜੀਵ ਅੱਗਰਵਾਲ, ਯੋਗੇਸ਼ ਅਰੋੜਾ, ਵਿਸ਼ਾਲ ਬਹਿਲ ਤੇ ਵਿਸ਼ਾਲ ਅਗਰਵਾਲ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਇਹ ਪ੍ਰਬੰਧ ਨਾ ਸਿਰਫ ਧਾਰਮਿਕ ਆਸਥਾ ਨੂੰ ਮਜ਼ਬੂਤ ਕਰੇਗਾ, ਸਗੋਂ ਸਮਾਜ ’ਚ ਪਿਆਰ, ਭਾਈਚਾਰੇ ਤੇ ਸਦਭਾਵਨਾ ਨੂੰ ਵੀ ਉਤਸ਼ਾਹਿਤ ਕਰੇਗਾ।