ਮਲਸੀਆਂ ਵਿਖੇ ਦੋ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਹੋਈ ਝੜਪ ਦੌਰਾਨ ਗੋਲ਼ੀ ਚੱਲਣ ਕਾਰਨ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਅਧਿਕਾਰੀਆਂ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਦੋ ਧਿਰਾਂ ਦੀ ਪਿਛਲੇ ਕੁਝ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਇਸੇ ਤਹਿਤ ਗੱਲਬਾਤ ਲਈ ਬੁੱਧਵਾਰ ਸ਼ਾਮ ਦੋਵੇਂ ਧਿਰਾਂ ਨਿਊ ਮਾਡਲ ਟਾਊਨ ਮਲਸੀਆਂ ਵਿਖੇ ਇਕੱਠੀਆਂ ਹੋਈਆਂ ਸਨ।

ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਮਲਸੀਆਂ ਵਿਖੇ ਦੋ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਹੋਈ ਝੜਪ ਦੌਰਾਨ ਗੋਲ਼ੀ ਚੱਲਣ ਕਾਰਨ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਅਧਿਕਾਰੀਆਂ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਦੋ ਧਿਰਾਂ ਦੀ ਪਿਛਲੇ ਕੁਝ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਇਸੇ ਤਹਿਤ ਗੱਲਬਾਤ ਲਈ ਬੁੱਧਵਾਰ ਸ਼ਾਮ ਦੋਵੇਂ ਧਿਰਾਂ ਨਿਊ ਮਾਡਲ ਟਾਊਨ ਮਲਸੀਆਂ ਵਿਖੇ ਇਕੱਠੀਆਂ ਹੋਈਆਂ ਸਨ। ਇਸ ਦੌਰਾਨ ਦੋਵਾਂ ਧਿਰਾਂ 'ਚ ਬਹਿਸਬਾਜ਼ੀ ਹੋ ਗਈ ਅਤੇ ਇੱਟਾਂ ਰੋੜੇ ਚੱਲਣ ਤੋਂ ਬਾਅਦ ਗੋਲ਼ੀਬਾਰੀ ਸ਼ੁਰੂ ਹੋ ਗਈ, ਜਿਸ ਵਿਚ ਚਾਰ ਜਣੇ ਜ਼ਖ਼ਮੀ ਹੋ ਗਏ। ਜ਼ਖਮੀਆਂ ਦੀ ਪਛਾਣ ਅਰਸ਼ਦੀਪ ਸਿੰਘ (25) ਵਾਸੀ ਫੱਖਰੂਵਾਲ, ਰਾਜਵਿੰਦਰ ਸਿੰਘ (22) ਵਾਸੀ ਮੁਹੱਲਾ ਬਾਗਵਾਲਾ (ਸ਼ਾਹਕੋਟ), ਵਿਨੋਦ ਕੁਮਾਰ (23) ਵਾਸੀ ਜੈਨ ਕਾਲੋਨੀ (ਸ਼ਾਹਕੋਟ) ਤੇ ਹਰਜਿੰਦਰ ਸਿੰਘ (29) ਵਾਸੀ ਮਲਸੀਆਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅਰਸ਼ਦੀਪ ਦੇ ਪੈਰ ਵਿਚ, ਰਾਜਵਿੰਦਰ ਦੇ ਪੱਟ ਵਿਚ, ਵਿਨੋਦ ਦੇ ਪੇਟ ਵਿਚ ਅਤੇ ਹਰਜਿੰਦਰ ਦੇ ਪੈਰ ਵਿਚ ਗੋਲ਼ੀ ਲੱਗੀ ਹੈ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ ਗਿਆ, ਜਿੱਥੋਂ ਇਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਜਲੰਧਰ ਦੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।
-----------
ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ
ਡੀਐੱਸਪੀ ਗੁਰਪ੍ਰਰੀਤ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਉਨਾਂ੍ਹ ਦੱਸਿਆ ਕਿ ਮੁਲਜ਼ਮਾਂ ਨੂੰ ਰਾਊਂਡਅੱਪ ਕੀਤਾ ਗਿਆ ਹੈ ਤੇ ਉਨਾਂ੍ਹ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਸਾਰੇ ਮੁਲਜ਼ਮ ਪੁਲਿਸ ਦੀ ਗਿ੍ਫਤ ਵਿਚ ਹੋਣਗੇ।
--------------
14 ਖੋਲ ਬਰਾਮਦ, ਖੰਗਾਲੀ ਜਾ ਰਹੀ ਸੀਸੀਟੀਵੀ ਫੁਟੇਜ ਐੱਸਐੱਚਓ
ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਘਟਨਾ ਸਥਾਨ ਤੋਂ 14 ਖੋਲ ਬਰਾਮਦ ਹੋਏ ਹਨ। ਪੁਲਿਸ ਟੀਮਾਂ ਵੱਲੋਂ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ ਜਿਸ ਤੋਂ ਬਾਅਦ ਜਾਂਚ ਹੋਰ ਅੱਗੇ ਵਧੇਗੀ। ਮੁਲਜ਼ਮ ਚਾਰ ਪਹੀਆ ਤੇ ਦੋ ਪਹੀਆ ਵਾਹਨਾਂ 'ਤੇ ਘਟਨਾ ਸਥਾਨ 'ਤੇ ਪਹੁੰਚੇ ਸਨ। ਜਲੰਧਰ ਦੇ ਹਸਪਤਾਲ ਵਿਚ ਇਲਾਜ ਅਧੀਨ ਜ਼ਖ਼ਮੀਆਂ ਦੇ ਬਿਆਨ ਲੈਣ ਲਈ ਪੁਲਿਸ ਟੀਮ ਰਵਾਨਾ ਹੋ ਚੁੱਕੀ ਹੈ, ਜਿਨ੍ਹਾਂ ਦੇ ਬਿਆਨਾਂ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।
---------------
ਪੁਲਿਸ ਨੇ ਦੋ ਗੱਡੀਆਂ ਤੇ ਚਾਰ ਮੋਟਰਸਾਈਕਲ ਕਬਜ਼ੇ 'ਚ ਲਏ
ਪੁਲਿਸ ਨੂੰ ਘਟਨਾ ਸਥਾਨ ਤੋਂ ਦੋ ਗੱਡੀਆਂ ਤੇ ਚਾਰ ਮੋਟਰਸਾਈਕਲ ਮਿਲੇ ਹਨ। ਇਨ੍ਹਾਂ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਵਾਰਦਾਤ ਸਮੇਂ ਮੌਕੇ 'ਤੇ ਦੋਵਾਂ ਧਿਰਾਂ ਦੇ ਛੇ ਦਰਜਨ ਦੇ ਕਰੀਬ ਵਿਅਕਤੀ ਮੌਜੂਦ ਸਨ ਤੇ ਗੋਲ਼ੀਬਾਰੀ ਦੌਰਾਨ ਦੋ ਦਰਜਨ ਰਾਊਂਡ ਫਾਇਰ ਹੋਏ, ਜਿਨ੍ਹਾਂ 'ਚੋਂ ਪੁਲਿਸ ਨੂੰ 14 ਖੋਲ ਬਰਾਮਦ ਹੋਏ ਹਨ।
0------------
ਦੁਪਹਿਰ ਵੇਲੇ ਵੀ ਆਹਮੋ-ਸਹਮਣੇ ਹੋਈਆਂ ਸਨ ਦੋਵੇਂ ਧਿਰਾਂ
ਸੂਤਰਾਂ ਮੁਤਾਬਕ ਬੁੱਧਵਾਰ ਨੂੰ ਬਾਅਦ ਦੁਪਹਿਰ ਵੀ ਚਿੱਟੀ ਵੇਈਂ ਦੇ ਨਜ਼ਦੀਕ ਕੁਟੀਆ ਦੇ ਕੋਲ ਪੁਰਾਣੀ ਰੰਜਿਸ਼ ਕਾਰਨ ਦੋਵਾਂ ਧਿਰਾਂ 'ਚ ਬਹਿਸਬਾਜ਼ੀ ਹੋਈ ਸੀ। ਝਗੜਾ ਸ਼ੁਰੂ ਹੋਣ ਤੋਂ ਪਹਿਲਾਂ ਪੁਲਿਸ ਦੇ ਮੌਕੇ 'ਤੇ ਪੁੱਜਣ ਕਾਰਨ ਦੋਵੇਂ ਧਿਰਾਂ ਉਥੋਂ ਖਿਸਕ ਗਈਆਂ ਸਨ। ਸ਼ਾਮ ਵੇਲੇ ਨਿਊ ਮਾਡਲ ਟਾਊਨ ਮਲਸੀਆਂ ਵਿਖੇ ਇਨ੍ਹਾਂ ਦਾ ਝਗੜਾ ਹੋਇਆ ਤੇ ਇੱਟਾਂ ਰੋੜੇ ਚੱਲਣ ਤੋਂ ਬਾਅਦ ਗੋਲ਼ੀਬਾਰੀ ਹੋਈ, ਜਿਸ ਦੌਰਾਨ 25-30 ਦੇ ਕਰੀਬ ਫਾਇਰ ਹੋਏ ਤੇ ਦੋਵਾਂ ਧਿਰਾਂ ਦੇ ਬੰਦੇ ਜ਼ਖਮੀ ਹੋ ਗਏ।