ਨਾਰੀ ਸਨਮਾਨ ਤੇ ਜਾਗਰੂਕਤਾ ਦਾ ਦਿੱਤਾ ਸੰਦੇਸ਼
ਮਾਤਾ ਦੀ ਕਿਰਪਾ ਨਾਲ ਗੂੰਜਿਆ ਸ਼ੰਕਰ ਪਿੰਡ: ਨਾਰੀ ਸਨਮਾਨ ਤੇ ਜਾਗਰੂਕਤਾ ਦਾ ਦਿਵਯ ਸੰਦੇਸ਼
Publish Date: Mon, 20 Apr 2026 06:40 PM (IST)
Updated Date: Mon, 20 Apr 2026 06:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਸ਼ੰਕਰ ’ਚ ਮਾਤਾ ਦੀ ਚੌਂਕੀ ਕਰਵਾਈ। ਪ੍ਰੋਗਰਾਮ ਦੀ ਸ਼ੁਰੂਆਤ ਸਾਧਵੀ ਮਮਤਾ ਮਈ, ਸੰਦੀਪ ਭਾਰਤੀ ਤੇ ਸਦਿਆ ਭਾਰਤੀ ਨੇ ਦੇਵੀ ਭਗਵਤੀ ਦੇ ਚਰਨਾਂ ’ਚ ਮੰਗਲ ਵੰਦਨਾ ਗਾ ਕੇ ਕੀਤੀ। ਇਸ ਮੌਕੇ ਤੇ ਆਸ਼ੂਤੋਸ਼ ਮਹਾਰਾਜ ਦੀ ਸੇਵਿਕਾ ਸਾਧਵੀ ਜਗਦੀਸ਼ਾ ਭਾਰਤੀ ਨੇ ਮਾਤਾ ਦੇ ਚਰਨਾਂ ’ਚ ਭੇਂਟ ਗਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਸਾਧਵੀ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਅੰਦਰ ਮਾਂ ਭਗਵਤੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਤੇ ਇਹ ਸਿਰਫ਼ ਇਕ ਗੁਰੂ ਹੀ ਕਰ ਸਕਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦਾ ਲਿੰਗ ਸਮਾਨਤਾ ਪ੍ਰੋਜੈਕਟ, ਬੈਲੇਂਸ, ਪਿਛਲੇ ਦੋ ਦਹਾਕਿਆਂ ਤੋਂ ਭਰੂਣ ਹੱਤਿਆ ਤੇ ਮਹਿਲਾ ਸਸ਼ਕਤੀਕਰਨ ਤੇ ਕੰਮ ਕਰ ਰਿਹਾ ਹੈ। ਸਾਧਵੀ ਨੇ ਕਿਹਾ ਕਿ ਇਕ ਪਾਸੇ ਜਿੱਥੇ ਨਵਰਾਤਰੀ ’ਚ ਦੇਵੀ ਕੰਜਕਾਂ ਦੇ ਰੂਪ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਹੀ ਦੂਜੇ ਪਾਸੇ ਸਮਾਜ ਭਰੂਣ ਹੱਤਿਆ ਤੇ ਔਰਤਾਂ ਵਿਰੁੱਧ ਹਿੰਸਾ ਵਰਗੇ ਘਿਨਾਉਣੇ ਅਪਰਾਧਾਂ ’ਚ ਸ਼ਾਮਲ ਹੈ। ਸਾਧਵੀ ਨੇ ਕਿਹਾ ਕਿ ਇਹ ਸਮਾਜਿਕ ਵਿਡੰਬਨਾ ਹੈ ਤੇ ਇਸ ਨੂੰ ਬਦਲਣ ਲਈ ਸਮਾਜ ਦੇ ਹਰ ਵਰਗ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਨੇ ਭਰੂਣ ਹੱਤਿਆ ਦੇ ਪਾਪ ਨੂੰ ਖ਼ਤਮ ਕਰਨ ਤੇ ਔਰਤਾਂ ਦੇ ਸਨਮਾਨ ਤੇ ਅਧਿਕਾਰਾਂ ਨੂੰ ਪੱਕਾ ਕਰਨ ਲਈ ਸਾਰਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।