ਸੀਵਰੇਜ ਜਾਮ ਦਾ ਹੱਲ ਨਾ ਨਿਕਲਣ ’ਤੇ ਸੰਘਰਸ਼ ਦੀ ਚਿਤਾਵਨੀ
ਮੁਹੱਲਾ ਰਵਿਦਾਸਪੁਰਾ ‘ਚ ਸੀਵਰੇਜ ਜਾਮ, ਨਿਵਾਸੀ ਪਰੇਸ਼ਾਨ; ਹੱਲ ਨਾ ਹੋਇਆ ਤਾਂ ਸੰਘਰਸ਼ ਦੀ ਚੇਤਾਵਨੀ
Publish Date: Tue, 05 May 2026 09:15 PM (IST)
Updated Date: Tue, 05 May 2026 09:17 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨੂਰਮਹਿਲ ਰੋਡ ਸਥਿਤ ਮੁਹੱਲਾ ਰਵਿਦਾਸਪੁਰਾ (ਵਾਰਡ ਨੰਬਰ 14) ’ਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬੰਦ ਪਿਆ ਹੋਣ ਕਾਰਨ ਇਲਾਕਾ ਵਾਸੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਨਿਵਾਸੀਆਂ ਅਨੁਸਾਰ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਪਰ ਅਜੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ। ਇਸ ਮੌਕੇ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਅਤੇ ਮਾਸਟਰ ਹੰਸਰਾਜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਵਰੇਜ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਅੰਦਰ ਸਮੱਸਿਆ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਸੀਵਰੇਜ ਬੋਰਡ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਜੇਈ ਨਿਰਮਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਭਰੋਸਾ ਦਿਵਾਇਆ ਕਿ ਕੱਲ੍ਹ ਸ਼ਾਮ ਤੱਕ ਸੀਵਰੇਜ ਚਾਲੂ ਕਰ ਦਿੱਤਾ ਜਾਵੇਗਾ। ਇਸ ਮੌਕੇ ਤਰਸੇਮ ਲਾਲ, ਸੁਰਿੰਦਰ ਬੰਗੜ, ਜੱਸੀ ਲੱਧੜ, ਅਜੂਬਾ ਵਿੱਕੀ ਸਮੇਤ ਹੋਰ ਇਲਾਕਾ ਵਾਸੀ ਮੌਜੂਦ ਸਨ।