ਸੀਵਰ ਪਾਈਪ ਦੀ ਸਫਾਈ ਲਈ ਦਿੱਤਾ 20 ਕਰੋੜ ਦਾ ਠੇਕਾ : ਐੱਸਈ
70 ਫੀਸਦੀ ਰੋਡ ਗਲੀਆਂ
Publish Date: Sat, 16 May 2026 08:59 PM (IST)
Updated Date: Sun, 17 May 2026 04:15 AM (IST)

70 ਫੀਸਦੀ ਰੋਡ ਗਲੀਆਂ ਦੀ ਹੋ ਚੁੱਕੀ ਸਫ਼ਾਈ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਓਐਂਡਐੱਮ ਬਰਾਂਚ ਵਲੋਂ ਸੀਵਰੇਜ ਦੀ ਸਫਾਈ ਦੇਰੀ ਨਾਲ ਸ਼ੁਰੂ ਹੋਣ ਕਾਰਨ ਸ਼ਹਿਰ ਨੂੰ ਬਰਸਾਤੀ ਪਾਣੀ ’ਚ ਡੁੱਬਣ ਤੋਂ ਕੋਈ ਨਹੀਂ ਰੋਕ ਸਕੇਗਾ। ਕਿਉਂ ਕਿ ਲਗਪਗ ਡੇਢ ਮਹੀਨੇ ਬਾਅਦ ਮਾਨਸੂਨ ਆਉਣ ਵਾਲਾ ਹੈ ਪਰ ਨਗਰ ਨਿਗਮ ਦੀ ਉਕਤ ਬਰਾਂਚ ਵਲੋਂ ਜਿਹੜੇ ਕੰਮ 4 ਮਹੀਨੇ ਪਹਿਲਾਂ ਸੀਵਰੇਜ ਦੀ ਸਫਾਈ ਲਈ ਸ਼ੁਰੂ ਕਰਨੇ ਚਾਹੀਦੇ ਸਨ, ਉਹ ਹੁਣ ਸ਼ੁਰੂ ਹੋਣ ਜਾ ਰਹੇ ਹਨ। ਸ਼ਹਿਰ ਦੀਆਂ ਸੜਕਾਂ ਦੀਆਂ ਰੋਡ ਗਲੀਆਂ ਦੀ ਅਜੇ ਤਕ ਸਫਾਈ ਸ਼ੁਰੂ ਨਹੀਂ ਹੋ ਸਕੀ, ਜਿਸ ਕਾਰਨ ਮਾਨਸੂਨ ਆੳਣ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਨੂੰ ਬਰਸਾਤੀ ਪਾਣੀ ’ਚ ਡੁੱਬਣ ਤੋਂ ਕੋਈ ਨਹੀਂ ਰੋਕ ਸਕੇਗਾ। ਨਗਰ ਨਿਗਮ ਹਰ ਸਾਲ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਸੀਵਰੇਜ ਦੀ ਸਫਾਈ ਦੇ ਐਸਟੀਮੇਟ ਤੇ ਰੇਟ ਸੰਬਧੀ ਫਾਇਲਾਂ ਸਮੇਂ ਸਿਰ ਕਲੀਅਰ ਕਰਾਉਂਦੀ ਹੈ ਪਰ ਚਾਲੂ ਸਾਲ ਦੌਰਾਨ ਸਾਰਾ ਉਲਟ ਹੋਇਆ ਹੈ। ਬਰਸਾਤ ਦਾ ਮੌਸਮ ਸਿਰ ਤੇ ਆਉਣ ਵਾਲਾ ਹੈ ਅਤੇ ਹੁਣ ਸੀਵਰੇਜ ਦੀ ਸਫਾਈ ਦਾ ਨਗਰ ਨਿਗਮ ਪ੍ਰਸ਼ਾਸਨ ਨੂੰ ਧਿਆਨ ਆਇਆ ਹੈ। 13.45 ਕਰੋੜ ਨਾਲ ਹੋਵੇਗੀ 150 ਕਿਲੋ ਮੀਟਰ ਸੀਵਰ ਪਾਈਪ ਨਗਰ ਨਿਗਮ ਵਲੋਂ ਚਾਰ ਵਿਧਾਨ ਸਭਾ ਹਲਕਿਆਂ ’ਚ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ ਅਤੇ ਉਕਤ ਚਾਰੋ ਵਿਧਾਨ ਸਭਾ ਹਲਕਿਆਂ ’ਚ ਲਗਪਗ 150 ਕਿਲੋ ਮੀਟਰ ਸੀਵਰੇਜ ਪਾਈਪ ਲਾਈਨ ਹੈ, ਜਿਸ ਦੀ ਸਫਾਈ ਮੁੜ ਹੋ ਸਕਦੀ ਹੈ। ਨਗਰ ਨਿਗਮ ਨੇ ਸਾਉਥ ਵਿਧਾਨ ਸਭਾ ’ਚ ਸੀਵਰੇਜ ਦੀ ਸਫਾਈ ਦਾ ਕੰਮ ਤਾਂ ਜੰਗੀ ਪੱਧਰ ਤੇ ਕੀਤਾ ਸੀ ਪਰ ਉਥੇ ਦੀ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਹੋਇਆ ਹੈ। ਇਸੇ ਤਰ੍ਹਾਂ ਹੀ ਨਾਰਥ ਵਿਧਾਨ ਸਭਾ ਹਲਕੇ ’ਚ ਵੀ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਹੈ ਜਦੋਂਕਿ ਸੈਂਟਰਲ ਅਤੇ ਕੈਂਟ ਹਲਕਿਆਂ ’ਚ ਆਉਂਦੇ ਦੋ ਦਿਨਾਂ ’ਚ ਕੰਮ ਸ਼ੁਰੂ ਹੋ ਜਾਏਗਾ। ਹੁਣ ਜਦੋਂਕਿ ਸਵਾਲ ਇਹ ਉੱਠਦਾ ਹੈ ਕਿ ਕੀ ਪਿਛਲੇ 6 ਹਫਤਿਆਂ ’ਚ 150 ਕਿਲੋ ਮੀਟਰ ਲੰਮੀ ਸੀਵਰੇਜ ਪਾਇਪ ਲਾਈਨ ਦੀ ਸਫਾਈ ਦਾ ਕੰਮ ਕਿਸ ਤਰ੍ਹਾਂ ਪੂਰਾ ਹੋ ਸਕੇਗਾ। ਸ਼ਿਕਾਇਤਾਂ ਦੂਜੇ ਪਾਸੇ ਬਿਨਾ ਬਰਸਾਤ ਦੇ ਹੀ ਰੋਜ਼ਾਨਾ ਸੀਵਰੇਜ ਬੰਦ ਦੀਆਂ ਲਗਪਗ ਡੇਢ ਦਰਜਨ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਹਨ ਤੇ ਬਰਸਾਤ ਦੇ ਮੋਸਮ ਦੇ ਸ਼ੁਰੂ ਹੁੰਦੇ ਹੀ ਸ਼ਿਕਾਇਤਾਂ ਦੀ ਗਿਣਤੀ ਸੈਂਕੜਾ ਪਾਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 20 ਕਰੋੜ ਨਾਲ ਹੋਵੇਗੀ ਸੀਵਰ ਪਾਈਪ ਲਾਈਨ ਦੀ ਸਫਾਈ : ਐੱਸਈ ਜਸਪਾਲ ਸਿੰਘ ਇਸ ਸਬੰਧ ’ਚ ਨਗਰ ਨਿਗਮ ਦੀ ਓਐਂਡਐੱਮ ਬਰਾਂਚ ਦੇ ਐੱਸਈ ਜਸਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਦੀ 200 ਕਿਲੋ ਮੀਟਰ ਸੀਵਰ ਪਾਈਪ ਲਾਈਨ ਦੀ ਸਫਾਈ ਲਈ 20 ਕਰੋੜ ਦਾ ਠੇਕਾ 3 ਕੰਪਨੀਆਂ ਨੂੰ ਦਿੱਤਾ ਗਿਆ ਹੈ, ਜਿਹੜੀਆਂ ਕਿ ਸੀਵਰੇਜ ਪਾਇਪ ’ਚੋਂ ਗਾਰ ਕੱਢਣ\ ਡੀ ਸਿਲਟਿੰਗ \ ਦਾ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਅਜੇ ਨਾਰਥ ਵਿਧਾਨ ਸਭਾ ਹਲਕੇ ’ਚ ਮਸ਼ੀਨ ਲੱਗੀ ਹੋਈ ਹੈ, ਜਦੋਂਕਿ ਬਾਕੀ ਦੋ ਮਸ਼ੀਨਾਂ ਵੀ ਵੈਸਟ ਅਤੇ ਕੈਂਟ ਹਲਕੇ ’ਚ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੈਂਟਰਲ ਵਿਧਾਨ ਸਭਾ ਹਲਕੇ ’ਚ ਵੀ ਕੰਮ ਚਲ ਰਿਹਾ ਹੈ ਤੇ ਢਾਈ ਕਿਲੋ ਮੀਟਰ ਲੰਮੀ ਸੀਵਰ ਪਾਇਪ ਲਾਈਨ ਦਾ ਕੰਮ ਕੀਤਾ ਜਾਣਾ ਹੈ। ਰੋਡ ਗਲੀਆਂ ਦੀ 70 ਫੀਸਦੀ ਸਫਾਈ ਹੋ ਚੁੱਕੀ ਹੈ ਓਐਂਡਐੱਮ ਦੇ ਐੱਸਈ ਜਸਪਾਲ ਸਿੰਘ ਅਨੁਸਾਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ’ਚ 70 ਫੀਸਦੀ ਸਫਾਈ ਹੋ ਚੁੱਕੀ ਹੈ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਗਪਗ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨ੍ਹਾ ਕਿਹਾ ਕਿ ਬਾਕੀ ਰਹਿੰਦਾ 30 ਫੀਸਦੀ ਕੰਮ ਵੀ ਬੁਰਸਾਤ ਦੇ ਮੋਸਮ ਤੋਂ ਪਹਿਲਾਂ ਪੂਰਾ ਕਰ ਲਿਆ ਜਾਏਗਾ।