ਸਰਕਾਰੀ ਸਕੂਲਾਂ ਵੱਲ ਦਿੱਤਾ ਜਾ ਰਿਹੈ ਖਾਸ ਧਿਆਨ : ਸੀਚੇਵਾਲ
ਬਾਜਵਾ ਕਲਾਂ ਵਿਖੇ ਨਵੀਂ ਬਿਲਡਿੰਗ ਤੇ ਸਾਇੰਸ ਲੈਬਜ਼ ਦਾ ਸੀਚੇਵਾਲ ਵੱਲੋਂ ਉਦਘਾਟਨ ਵਿਦਿਆਰਥੀਆਂ ਦੇ ਗਿਆਨ ’ਚ ਹੋਵੇਗਾ ਵਾਧਾ: ਬੱਲਾ
Publish Date: Fri, 17 Apr 2026 08:04 PM (IST)
Updated Date: Fri, 17 Apr 2026 08:06 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸੂਬੇ ਦੇ ਸਰਕਾਰੀ ਸਕੂਲ ਅਕਾਦਮਿਕ ਖੇਤਰ ਵਿੱਚ ਨਵੀਆਂ ਬੁਲੰਦੀਆਂ ਛੂਹ ਰਹੇ ਹਨ। ਇਸੇ ਲੜੀ ਤਹਿਤ ਸ਼ੁੱਕਰਵਾਰ ਸਕੂਲ ਆਫ਼ ਐਮੀਨੈਂਸ, ਬਾਜਵਾ ਕਲਾਂ ਵਿਖੇ ਨਵੀਂ ਬਿਲਡਿੰਗ ਤੇ ਆਧੁਨਿਕ ਸਾਇੰਸ ਲੈਬਜ਼ ਦਾ ਉਦਘਾਟਨ ਬੈਕਫਿੰਕੋ ਪੰਜਾਬ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਗਮ ਦੌਰਾਨ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਸੀਚੇਵਾਲ ਨੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਕੂਲਾਂ ਦਾ ਮਜ਼ਬੂਤ ਬੁਨਿਆਦੀ ਢਾਂਚਾ ਹੀ ਮਿਆਰੀ ਸਿੱਖਿਆ ਦਾ ਮੁੱਖ ਆਧਾਰ ਹੁੰਦਾ ਹੈ। ਇਸੇ ਗੱਲ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮਿਲ ਸਕੇ। ਹਲਕਾ ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਬੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਵਿੱਚ ਨਵੀਆਂ ਸਾਇੰਸ ਲੈਬਜ਼ ਬਣਨ ਨਾਲ ਵਿਦਿਆਰਥੀਆਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਧੁਨਿਕ ਲੈਬਜ਼ ਵਿੱਚ ਵਿਦਿਆਰਥੀ ਵਿਗਿਆਨ ਦੇ ਖੇਤਰ ਵਿੱਚ ਨਵੇਂ ਤਜਰਬੇ ਕਰ ਸਕਣਗੇ, ਜਿਸ ਨਾਲ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ। ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਅਸ਼ੋਕ ਬਸਰਾ, ਬਲਾਕ ਨੋਡਲ ਅਫ਼ਸਰ ਸ਼ਾਹਕੋਟ-1 ਜਸਪਾਲਜੀਤ ਕੌਰ, ਬਲਾਕ ਪ੍ਰਧਾਨ ਰਾਣੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਬਲਾਕ ਸੰਮਤੀ ਮੈਂਬਰ ਸਵਿੰਦਰ ਸੋਨੂੰ, ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਸ਼ਿੰਦਰ ਬਾਈ, ਪਿੰਡ ਮਾਣਕਪੁਰ ਸਰਪੰਚ ਅਮਨਦੀਪ ਸਹੋਤਾ, ਆਪ ਆਗੂ ਜਸਪਾਲ ਸਿੰਘ ਮਿਗਲਾਨੀ, ਜਗਜੋਤ ਸਿੰਘ ਆਹਲੂਵਾਲੀਆ, ਸਾਬਕ ਸਰਪੰਚ ਗੁਰਦੀਪ ਸਿੰਘ ਦੀਪਾ, ਲੈਕਚਰਾਰ ਦੇਵ ਰਾਜ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ, ਸਰਪੰਚ, ਪੰਚਾਇਤ ਮੈਂਬਰ, ਸਕੂਲ ਸਟਾਫ਼ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।