ਨਾਮਜ਼ਦਗੀਆਂ ਦੇ ਦੂਜੇ ਦਿਨ 17 ਨੇ ਦਾਖ਼ਲ ਕੀਤੇ ਕਾਗ਼ਜ਼
ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾ ਦੂਜਾ ਦਿਨ, 17 ਨਾਮਜ਼ਦਗੀਆਂ ਦਾਖ਼ਲ
Publish Date: Fri, 15 May 2026 07:11 PM (IST)
Updated Date: Fri, 15 May 2026 07:12 PM (IST)

- 16 ਮਈ ਤੱਕ ਦਾਖ਼ਲ ਕੀਤੇ ਜਾ ਸਕਦੇ ਨੇ ਨਾਮਜ਼ਦਗੀ ਪੱਤਰ, ਪੜਤਾਲ 18 ਮਈ ਨੂੰ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਆਮ ਚੋਣਾਂ-2026 ਸਬੰਧੀ ਜਾਰੀ ਸ਼ਡਿਊਲ ਅਨੁਸਾਰ ਜ਼ਿਲ੍ਹੇ ਵਿੱਚ 5 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਦੂਜੇ ਦਿਨ ਕੁੱਲ 17 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਦਿਵਿਆ ਪੀ. ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਆਦਮਪੁਰ ਲਈ 3, ਨਗਰ ਕੌਂਸਲ ਨਕੋਦਰ ਲਈ 4 ਅਤੇ ਨਗਰ ਕੌਂਸਲ ਫਿਲੌਰ ਲਈ 10 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਜਦਕਿ ਨਗਰ ਕੌਂਸਲ ਕਰਤਾਰਪੁਰ ਤੇ ਨੂਰਮਹਿਲ ਅਤੇ ਨਗਰ ਪੰਚਾਇਤ ਲੋਹੀਆਂ ਖਾਸ ਤੇ ਮਹਿਤਪੁਰ ਲਈ ਕੋਈ ਨਾਮਜ਼ਦਗੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਮੀਦਵਾਰ 16 ਮਈ ਤੱਕ ਸਵੇਰੇ 11 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਵੇਗੀ ਅਤੇ 19 ਮਈ ਬਾਅਦ ਦੁਪਹਿਰ 3 ਵਜੇ ਤੱਕ ਉਮੀਦਵਾਰ ਕਾਗਜ਼ ਵਾਪਸ ਲੈ ਸਕਣਗੇ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ, ਕਰਤਾਰਪੁਰ ਦੇ 15, ਨਕੋਦਰ ਦੇ 17, ਨੂਰਮਹਿਲ ਦੇ 13, ਨਗਰ ਕੌਂਸਲ ਫਿਲੌਰ ਦੇ 15 ਵਾਰਡਾਂ ਅਤੇ ਨਗਰ ਪੰਚਾਇਤ ਲੋਹੀਆਂ ਖਾਸ ਤੇ ਮਹਿਤਪੁਰ ਦੇ 13-13 ਵਾਰਡਾਂ ਲਈ ਵੋਟਾਂ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ।