ਪੁਲਿਸ ਨੇ ਇਕ ਘੰਟੇ ’ਚ ਲੁਟੇਰੇ ਕੀਤੇ ਕਾਬੂ
-ਪੈਦਲ ਜੈਕਟ ਵੇਚ ਰਹੇ
Publish Date: Sat, 13 Dec 2025 10:18 PM (IST)
Updated Date: Sat, 13 Dec 2025 10:21 PM (IST)

-ਪੈਦਲ ਜੈਕਟ ਵੇਚ ਰਹੇ ਨੌਜਵਾਨ ਨੂੰ ਸੀ ਲੁੱਟਿਆ, ਨਕਦੀ, ਮੋਬਾਈਲ ਤੇ ਬਾਈਕ ਸਮੇਤ ਸਾਮਾਨ ਖੋਹਿਆ ਜਾਸ, ਜਲੰਧਰ : ਜਲੰਧਰ ਦੇ ਥਾਣਾ ਡਵੀਜ਼ਨ ਨੰਬਰ-8 ਖੇਤਰ ’ਚ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਸਿਰਫ ਇਕ ਘੰਟੇ ’ਚ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਨੂਰਪੁਰ ਕਾਲੋਨੀ ਨੇੜੇ ਵਾਪਰੀ, ਜਿੱਥੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪੈਦਲ ਘੁੰਮ ਕੇ ਜੈਕਟ ਵੇਚਣ ਵਾਲੇ ਇਕ ਵਿਅਕਤੀ ਨੂੰ ਲੁੱਟਿਆ ਸੀ। ਪੀੜਤ ਦੀ ਪਛਾਣ ਮੇਰਠ ਦੇ ਰਹਿਣ ਵਾਲੇ ਸਮੀਰ ਦੇ ਤੌਰ ’ਤੇ ਹੋਈ ਹੈ, ਜੋ ਅਮਰੀਕ ਨਗਰ ’ਚ ਰਹਿੰਦਾ ਸੀ ਤੇ ਘੁੰਮ-ਫਿਰ ਕੇ ਜੈਕਟ ਵੇਚਣ ਦਾ ਕੰਮ ਕਰਦਾ ਹੈ। ਸਮੀਰ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਉਸ ਤੋਂ ਜੈਕਟ ਖਰੀਦਣ ਦੀ ਗੱਲ ਕੀਤੀ ਤੇ ਇਹ ਕਹਿ ਕੇ ਆਪਣੇ ਨਾਲ ਬਿਠਾ ਲਿਆ ਕਿ ਪੈਸੇ ਮਾਂ ਘਰੇ ਦੇਵੇਗੀ। ਮੁਲਜ਼ਮਾਂ ਨੇ ਕੁਝ ਦੂਰ ਸੁੰਨਸਾਨ ਥਾਂ ਤੇ ਲੈ ਜਾ ਕੇ ਸਮੀਰ ਦੇ ਹੱਥ ਬੰਨ੍ਹੇ ਤੇ ਜੇਬ ਤੋਂ 8 ਹਜ਼ਾਰ ਰੁਪਏ ਦੀ ਨਕਦੀ, ਇਕ ਮੋਬਾਈਲ ਫੋਨ ਤੇ ਜੈਕਟ ਛੀਨ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ-8 ਦੇ ਏਐੱਸਆਈ ਗੁਰਮੇਲ ਸਿੰਘ ਦੇ ਅਗਵਾਈ ’ਚ ਪੁਲਿਸ ਟੀਮ ਨੇ ਇਲਾਕੇ ’ਚ ਨਾਕੇਬੰਦੀ ਕਰਕੇ ਜਾਂਚ ਕੀਤੀ। ਪੁਲਿਸ ਨੇ ਇਕ ਘੰਟੇ ਦੇ ਅੰਦਰ ਹੀ ਦੋਵੇਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਮਗੀ ਵਾਸੀ ਨੂਰਪੁਰ ਕਾਲੋਨੀ ਅਤੇ ਸਮਨਪ੍ਰੀਤ ਸਿੰਘ ਵਾਸੀ ਹਰਗੋਵਿੰਦ ਨਗਰ ਜਲੰਧਰ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਲੁੱਟੀ ਗਈ ਨਕਦੀ, ਮੋਬਾਈਲ ਫੋਨ, ਜੈਕਟ ਤੇ ਵਾਰਦਾਤ ’ਚ ਵਰਤੀ ਗਈ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।